International

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਮੁੜ ਪ੍ਰਧਾਨ ਮੰਤਰੀ ਬਣਨ ਲਈ ਲੋਕਾਂ ਨੂੰ ਦਿੱਤਾ ਲਾਲਚ

‘ਦ ਖ਼ਾਲਸ ਬਿਊਰੋ :- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਲੋਕਾਂ ਨੂੰ ਵਾਅਦਾ ਕਰਦਿਆਂ ਕਿਹਾ ਹੈ ਕਿ ਜੇ ਉਹ ਦੁਬਾਰਾ ਪ੍ਰਧਾਨ ਮੰਤਰੀ ਬਣ ਜਾਂਦੇ ਹਨ, ਤਾਂ ਉਹ ਸਾਊਦੀ ਅਰਬ ਦੀ ਸਿੱਧੀ ਉਡਾਣ ਸ਼ੁਰੂ ਕਰਵਾ ਦੇਣਗੇ। ਉਨ੍ਹਾਂ ਨੇ ਕਿਹਾ ਕਿ, “ਮੈਂ ਤੁਹਾਡੇ ਲਈ ਤੇਲ ਅਵੀਵ ਤੋਂ ਮੱਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਾਂਗਾ।”

ਯੇਰੂਸ਼ਲਮ ਪੋਸਟ ਦੀ ਰਾਜਨੀਤਿਕ ਸੰਵਾਵਦਾਤਾ ਜਿਲ ਹੋਫਮੈਨ ਨੇ ਇਸ ਬਾਰੇ ਟਵੀਟ ਕਰਦਿਆਂ ਕਿਹਾ ਕਿ ਨੇਤਨਯਾਹੂ ਨੇ ਵਾਅਦਾ ਕੀਤਾ ਹੈ ਕਿ ਜੇ ਉਹ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਗਏ ਤਾਂ ਇਜ਼ਰਾਈਲ ਤੋਂ ਮੱਕਾ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇਗੀ। ਇਸ ਟਵੀਟ ‘ਤੇ ਸਾਊਦੀ ਅਰਬ ਦੇ ਪੱਤਰਕਾਰ ਅਹਿਮਦ ਅਲ ਓਮਰਾਨ ਨੇ ਕਿਹਾ ਕਿ, “ਮੱਕਾ ਵਿੱਚ ਕੋਈ ਹਵਾਈ ਅੱਡਾ ਨਹੀਂ ਹੈ”।

ਨੇਤਨਯਾਹੂ ਦੇ ਇਸ ਬਿਆਨ ਤੋਂ ਇਜ਼ਰਾਈਲ ਦੇ ਸਾਊਦੀ ਅਰਬ ਦੇ ਨਾਲ ਰਿਸ਼ਤੇ ਸਾਧਾਰਨ ਕੀਤੇ ਜਾਣ ਦਾ ਵੀ ਸੰਕੇਤ ਮਿਲਦਾ ਹੈ। ਹਾਲਾਂਕਿ, ਸਾਊਦੀ ਅਰਬ ਦੇ ਉਪ ਵਿਦੇਸ਼ ਮੰਤਰੀ ਆਦੇਲ ਅਲ ਜ਼ੁਬੈਰ ਨੇ ਇਜ਼ਰਾਈਲ ਨੂੰ ਲੈ ਕੇ ਕਿਹਾ ਕਿ ਸਾਊਦੀ ਅਜੇ ਵੀ ਦੋ ਦੇਸ਼ਾਂ ਦੇ ਸਿਧਾਂਤ ਬਾਰੇ ਅਟੱਲ ਹੈ, ਯਾਨੀ ਸਾਊਦੀ ਇਜ਼ਰਾਈਲ ਦੇ ਨਾਲ ਸੰਬੰਧਾਂ ਨੂੰ ਉਦੋਂ ਹੀ ਸਧਾਰਨ ਕਰੇਗਾ, ਫਿਲਸਤੀਨੀਆਂ ਦੇ ਲਈ ਇੱਕ ਦੇਸ਼ ਹੋਂਦ ਵਿੱਚ ਆਵੇਗਾ।