Punjab Religion

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵੱਡੀ ਫੁੱਟ! ਦਾਦੂਵਾਲ ਨੇ ਝੀਂਡਾ ਦੀ ਅਕਾਲੀ ਦਲ ਨਾਲ ਗੁਪਤ ਮੀਟਿੰਗ ਤੋਂ ਪਰਦਾ ਚੁੱਕਿਆ

ਬਿਊਰੋ ਰਿਪੋਰਟ : ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੱਡੀ ਫੁੱਟ ਨਜ਼ਰ ਆ ਰਹੀ ਹੈ। ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਜਗਦੀਸ਼ ਸਿੰਘ ਝੀਂਡਾ ਅਤੇ ਦੀਦਾਰ ਸਿੰਘ ਨਲਵੀ ‘ਤੇ ਅਕਾਲੀ ਆਗੂਆਂ ਨਾਲ ਗੁਪਤ ਮੀਟਿੰਗ ਦੇ ਇਲਜ਼ਾਮ ਲਗਾਏ ਹਨ । ਦਾਦੂਵਾਲ ਨੇ ਕਿਹਾ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਪਟਿਆਲਾ ਵਿੱਚ ਹਰਿਆਣਾ ਦੇ ਦੋਵਾਂ ਆਗੂਆਂ ਨੇ ਮੀਟਿੰਗ ਕੀਤੀ ਜਿਸ ਵਿੱਚ ਸਾਬਕਾ ਐੱਮਪੀ ਬਲਵਿੰਦਰ ਸਿੰਘ ਭੂੰਦੜ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਸਨ । ਦਾਦੂਵਾਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਨਲਵੀ ਅਤੇ ਝੀਂਡਾ ਨੇ ਜਦੋਂ 7 ਸਾਲ ਪ੍ਰਧਾਨ ਰਹਿੰਦੇ ਹੋਏ ਕੁਝ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਹੁਣ ਉਹ ਅਕਾਲੀ ਦਲ ਦੇ ਨਾਲ ਗੁਪਤ ਸਮਝੌਤਾ ਕਰਕੇ ਹਰਿਆਣਾ ਦੇ ਸਿੱਖਾਂ ਨਾਲ ਧੋਖਾ ਕਰ ਰਹੇ ਹਨ । ਉਧਰ ਬਲਜੀਤ ਸਿੰਘ ਦਾਦੂਵਾਲ ਦੇ ਇਲਜ਼ਾਮਾਂ ਦਾ ਜਵਾਬ ਜਗਦੀਸ਼ ਸਿੰਘ ਝੀਂਡਾ ਨੇ ਦਿੱਤਾ ਹੈ ।

ਝੀਂਡਾ ਦਾ ਦਾਦੂਵਾਲ ਨੂੰ ਜਵਾਬ

ਬਲਜੀਤ ਸਿੰਘ ਦਾਦੂਵਾਲ ਦੇ ਇਲਜ਼ਾਮਾਂ ਦਾ ਜਵਾਬ ਜਗਦੀਸ਼ ਸਿੰਘ ਝੀਂਡਾ ਨੇ ਦਿੱਤਾ ਹੈ । ਉਨ੍ਹਾਂ ਨੇ ਅਕਾਲੀ ਦਲ ਦੇ ਆਗੂਆਂ ਨਾਲ ਮੀਟਿੰਗ ਦੀ ਗੱਲ ਮੰਨੀ ਹੈ ਨਾਲ ਹੀ ਉਨ੍ਹਾਂ ਨੇ ਦਾਦੂਵਾਲ ਦੇ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ ਹੈ । ਝੀਂਡਾ ਨੇ ਦਾਅਵਾ ਕੀਤਾ ਕਿ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ਼ਾਰੇ ‘ਤੇ ਕਮੇਟੀ ਨੂੰ ਚਲਾਉਣਾ ਚਾਉਂਦਾ ਹੈ ਜਦਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਦੇ ਬਿਲਕੁਲ ਖਿਲਾਫ ਹਨ। ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਨ੍ਹਾਂ ਨੂੰ ਚੰਦੂਮਾਰਜਾ ਵੱਲੋਂ ਸਦਾ ਆਇਆ ਸੀ ਕਿ ਉਹ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੰਮ ਕਰਨਾ ਚਾਉਂਦੇ ਹਨ। ਜਿਸ ਦੀ ਵਜ੍ਹਾ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਗਏ ਸਨ । ਝੀਂਡਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਆਪਣੀਆਂ ਸ਼ਰਤਾਂ ਖੁੱਲ ਕੇ ਰੱਖਿਆਂ ਅਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਮੀਟਿੰਗ ਵਿੱਚ ਸ਼ਾਮਲ ਅਕਾਲੀ ਆਗੂਆਂ ਨੇ ਮੰਨਿਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੌਂਦ ਵਿੱਚ ਆ ਗਈ ਹੈ ਅਤੇ ਉਹ ਮਿਲਕੇ ਕੰਮ ਕਰਨਾ ਚਾਉਂਦੇ ਹਨ । ਝੀਂਡਾ ਨੇ ਕਿਹਾ ਉਹ ਹੁਣ ਪੂਰੇ ਹਰਿਆਣਾ ਵਿੱਚ ਘੁੰਮ ਕੇ ਸਾਰੇ ਮੈਂਬਰਾਂ ਨਾਲ ਸਲਾਹ ਤੋਂ ਬਾਅਦ ਹੀ ਫੈਸਲਾ ਲੈਣਗੇ ਕੀ ਉਹ SGPC ਅਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਕੰਮ ਕਰਨਾ ਚਾਉਂਦੇ ਹਨ ਜਾਂ ਨਹੀਂ । ਉਧਰ ਦਾਦੂਵਾਲ ਨੇ ਝੀਂਡਾ ‘ਤੇ ਪਲਟਵਾਰ ਕਰਦੇ ਹੋਏ ਤਿੱਖੇ ਹਮਲੇ ਕੀਤੇ ।

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਝੀਂਡਾ ਅਤੇ ਨਲਵੀ ‘ਤੇ ਪਲਵਾਰ ਕਰਦੇ ਹੋਏ ਕਿਹਾ ਕਿ 2011 ਦੀਆਂ ਚੋਣਾਂ ਦੌਰਾਨ ਦੋਵਾਂ ਆਗੂਆਂ ਨੂੰ ਹਰਿਆਣਾ ਦੀ ਸੰਗਤਾਂ ਨੇ ਹਰਾ ਦਿੱਤਾ ਸੀ । ਇਸ ਲਈ ਉਹ ਕਿਸ ਹੈਸੀਅਤ ਦੇ ਨਾਲ ਅਕਾਲੀ ਦਲ ਅਤੇ SGPC ਦੇ ਪ੍ਰਧਾਨ ਨਾਲ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਗੱਲ ਕਰਨ ਗਏ ਸਨ । ਸਿਰਫ਼ ਇੰਨਾਂ ਹੀ ਨਹੀਂ ਦਾਦੂਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੀ ਜਗਦੀਸ਼ ਝੀਂਡਾ ਨੂੰ ਪ੍ਰਧਾਨਗੀ ਦੀ ਚੋਣ ਵਿੱਚ ਹਰਾਇਆ ਸੀ । ਸੰਗਤਾਂ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਜਤਾਇਆ ਹੈ । ਦਾਦੂਵਾਲ ਨੇ ਝੀਂਡਾ ਵੱਲੋਂ ਬੀਜੇਪੀ ਲਈ ਕੰਮ ਕਰਨ ਦੇ ਇਲਜ਼ਾਮ ਦਾ ਵੀ ਜਵਾਬ ਦਿੱਤਾ । ਉਨ੍ਹਾਂ ਕਿਹਾ ਕਿ ਝੀਂਡਾ ਅਤੇ ਨਲਵੀ ਕੱਲ ਤੱਕ ਆਪ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੀਟਿੰਗਾਂ ਕਰਕੇ ਕਮੇਟੀ ‘ਤੇ ਕਬਜ਼ਾ ਕਰਨ ਦੀ ਗੱਲ ਕਰਦੇ ਸਨ ਹੁਣ ਉਲਟਾ ਉਨ੍ਹਾਂ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ।

ਦਾਦੂਵਾਲ ਖਿਲਾਫ਼ ਸ਼੍ਰੀ ਅਕਾਲ ਤਖ਼ਤ ਸ਼ਿਕਾਇਤ

ਕੁਝ ਦਿਨ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਹੁਦੇਦਾਰਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਇਲਜ਼ਾਮ ਲਗਾਏ ਗਏ ਸਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਾਦੂਵਾਲ ਨੇ ਆਪਣੇ ‘ਤੇ ਫੁੱਲਾਂ ਦੀ ਵਰਖਾ ਕਰਵਾਈ ਹੈ ਜੋ ਕਿ ਮਰਿਆਦਾ ਦੇ ਉਲਟ ਹੈ ਜਦਕਿ ਦਾਦੂਵਾਲ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਫੁੱਲਾਂ ਦੀ ਵਰਖਾ ਸੰਗਤਾਂ ਤੇ ਹੋ ਰਹੀ ਸੀ ਇਕੱਲੇ ਉਨ੍ਹਾਂ ‘ਤੇ ਨਹੀਂ ਕੀਤੀ ਗਈ ਸੀ । ਉਨ੍ਹਾਂ ਸ਼ਿਕਾਇਤ ਕਰਨ ਵਾਲਿਆਂ ‘ਤੇ ਸਾਜਿਸ਼ ਕਰਨ ਦਾ ਇਲਜ਼ਾਮ ਲਗਾਇਆ ਸੀ ।

ਸੁਪਰੀਮ ਕੋਰਟ ਨੇ HSGPC ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ

3 ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ 7 ਸਾਲ ਸੁਣਵਾਈ ਕਰਨ ਤੋਂ ਬਾਅਦ HSGPC ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ । ਅਦਾਲਤ ਨੇ 2014 ਵਿੱਚ ਹਰਿਆਣਾ ਵਿੱਚ ਬਣੀ ਵੱਖ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਨਜ਼ੂਰੀ ਦਿੱਤੀ ਸੀ। SGPC ਵੱਲੋਂ ਇਸ ਦੇ ਵਿਰੋਧ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ । ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਰਿਆਣਾ ਸਰਕਾਰ ਨੇ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ ਸੀ ।