Punjab Religion

ਮੁਕੇਰੀਆ ਬੇਅਦਬੀ ‘ਤੇ SGPC ਦਾ ਪੁਲਿਸ ਨੂੰ ਅਲਟੀਮੇਟਮ! ਜਥੇਦਾਰ ਸਾਹਿਬ ਨੇ ਗ੍ਰੰਥੀ ਸਿੰਘਾਂ ‘ਤੇ ਕੀਤੀ ਸਖ਼ਤੀ

ਬਿਉਰੋ ਰਿਪੋਰਟ – ਮੁਕੇਰੀਆਂ ਵਿੱਚ ਬੀਤੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ SGPC ਨੇ ਸਖ਼ਤ ਸਟੈਂਡ ਲੈ ਲਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਆਪ ਉਸ ਗੁਰੂ ਘਰ ਪਹੁੰਚੇ ਜਿੱਥੇ ਬੇਅਦਬੀ ਹੋਈ ਸੀ। ਉਨ੍ਹਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਮੁਲਜ਼ਮਾਂ ਨੂੰ ਫੜਨ ਲਈ 2 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਨਹੀਂ ਤਾਂ ਸਿੱਖ ਪੰਥ ਵੱਲੋਂ ਪ੍ਰੋਗਰਾਮ ਉਲੀਕਿਆ ਜਾਵੇਗਾ। ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੁਸ਼ਿਆਰਪੁਰ ਦੇ ਪਿੰਡ ਪੋਤਾ ਚੀਮਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦਾ ਨੋਟਿਸ ਲੈਂਦਿਆਂ ਸਮੂਹ ਗੁਰਦੁਆਰਾ ਪ੍ਰਬੰਧਕਾਂ, ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਪਹਿਰੇਦਾਰੀ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ। ਭਵਿੱਖ ਵਿੱਚ ਬੇਅਦਬੀ ਵਰਗੀ ਮਾੜੀ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਤੇ ਗ੍ਰੰਥੀ ਸਿੰਘ ਵੀ ਜ਼ਿੰਮੇਵਾਰ ਹੋਣਗੇ ਤੇ ਸਿੱਖ ਰਵਾਇਤਾਂ ਅਨੁਸਾਰ ਸਖ਼ਤ ਧਾਰਮਿਕ ਸਜ਼ਾ ਦੇ ਹੱਕਦਾਰ ਹੋਣਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਅੱਜ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਬੀਤੇ ਕੱਲ੍ਹ ਵਾਪਰੀ ਇਸ ਬੇਅਦਬੀ ਦੀ ਘਟਨਾ ‘ਤੇ ਗਹਿਰਾ ਦੁੱਖ ਜਤਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਹਨ। ਜਦੋਂ ਕਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।

ਉਨ੍ਹਾਂ ਆਖਿਆ ਕਿ ਸਰਕਾਰਾਂ ਦੀ ਢਿੱਲੀ ਕਾਨੂੰਨ ਅਤੇ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਦੇ ਨਿੰਦਣਯੋਗ ਵਰਤਾਰੇ ਨੂੰ ਠੱਲ੍ਹ ਨਹੀਂ ਪੈ ਰਹੀ। ਜਦੋਂ ਵਾਰ-ਵਾਰ ਗੁਰੂ-ਘਰਾਂ ਵਿਚ ਬੇਅਦਬੀਆਂ ਹੋ ਰਹੀਆਂ ਹੋਣ ਤਾਂ ਸਿਰਫ਼ ਸਰਕਾਰਾਂ ਕੋਲੋਂ ਹੀ ਇਨਸਾਫ ਦੀ ਟੇਕ ਰੱਖਣ ਦੀ ਬਜਾਏ ਸਿੱਖ ਸੰਗਤਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ। ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਆਖਿਆ ਕਿ ਭਵਿੱਖ ਵਿੱਚ ਕਿਸੇ ਵੀ ਬੇਅਦਬੀ ਦੀ ਘਟਨਾ ਲਈ ਸਬੰਧਿਤ ਗੁਰਦੁਆਰਾ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਖ਼ਿਲ਼ਾਫ਼ ਵੀ ਧਾਰਮਿਕ ਤੇ ਕਾਨੂੰਨੀ ਕਾਰਵਾਈ ਹੋਵੇਗੀ।

ਗਿਆਨੀ ਰਘਬੀਰ ਸਿੰਘ ਨੇ ਨਾਲ ਹੀ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਗੁਰਦੁਆਰਾ ਪ੍ਰਬੰਧਕਾਂ ਤੇ ਗ੍ਰੰਥੀ ਸਿੰਘਾਂ ਨੂੰ ਵਧੇਰੇ ਅਹਿਤਿਆਤ ਰੱਖਣ ਦੇ ਆਦੇਸ਼ ਦਿੰਦਿਆਂ ਆਖਿਆ ਹੈ ਕਿ ਪ੍ਰਕਾਸ਼ ਅਸਥਾਨਾਂ ਅਤੇ ਸੁੱਖ-ਆਸਨ ਅਸਥਾਨਾਂ ‘ਤੇ ਪਲਾਸਟਿਕ ਦੇ ਪੱਖੇ, ਕੂਲਰ ਆਦਿ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਗਰਮੀ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗਣ ਦਾ ਜ਼ੋਖਮ ਵਧਾਉਂਦੇ ਹਨ।

ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਚਾਰਕਾਂ ਨੂੰ ਵੀ ਆਪਣੇ ਹਲਕਿਆਂ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਗ੍ਰੰਥੀ ਸਿੰਘਾਂ ਦੀ ਕੌਂਸਲਿੰਗ ਕਰਨ ਅਤੇ ਇਸ ਸਬੰਧੀ ਆਪੋ-ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦੇ ਵੀ ਆਦੇਸ਼ ਕੀਤੇ ਹਨ।

ਵੇਖੋ ਅੱਜ ਦੀਆਂ ਵੱਡੀਆਂ ਖ਼ਬਰਾਂ-

VIDEO – 19 ਅਪ੍ਰੈਲ ਦੀਆਂ ਵੱਡੀਆਂ ਖ਼ਬਰਾਂ | THE KHALAS TV