International Khaas Lekh Punjab Religion

ਖ਼ਾਸ ਲੇਖ – ਗੋਰਿਆਂ ਦੇ ਦੇਸ਼ ’ਚ ਗੂੰਜੇ ਜੈਕਾਰੇ! ਲੰਡਨ ਵਿੱਚ ਖੁੱਲ੍ਹੀ ਪਹਿਲੀ ‘ਸਿੱਖ ਅਦਾਲਤ’

ਲੰਡਨ ‘ਚ ਸ਼ਨੀਵਾਰ ਨੂੰ ਇਤਿਹਾਸ ਸਿਰਜਿਆ ਗਿਆ ਹੈ। ਜੋ ਸਿੱਖਾਂ ਦੀ ਆਪਣੀ ਧਰਤੀ ਪੰਜਾਬ ‘ਚ ਨਹੀਂ ਹੋਇਆ ਉਹ ਗੋਰਿਆਂ ਦੀ ਧਰਤੀ ਲੰਡਨ ‘ਚ ਹੋ ਗਿਆ ਹੈ। ਲੰਘੇ ਸ਼ਨੀਵਾਰ ਨੂੰ ਅਰਦਾਸ ਬੇਨਤੀ ਨਾਲ ਲੰਡਨ ਵਿੱਚ ਦੁਨੀਆਂ ਦੀ ਪਹਿਲੀ ਸਿੱਖ ਅਦਾਲਤ ਦੀ ਸ਼ੁਰੂਆਤ ਹੋ ਗਈ ਹੈ। ਇਸ ਨਵੀਂ ਸ਼ੁਰੂਆਤ ਨਾਲ ਲੰਡਨ ਦੀ ਪ੍ਰਸਿੱਧ ਸਰਾਂ ਲਿੰਕਨ ਇਨ ਦੀਆਂ ਇਤਿਹਾਸਕ ਕੰਧਾਂ ਵੀ ਜੈਕਾਰਿਆਂ ਨਾਲ ਗੂੰਜ ਉੱਠੀਆਂ। ਇਸ ਸਿੱਖ ਅਦਾਲਤ ਦੀ ਸ਼ੁਰੂਆਤ ਨਾਲ ਧਾਰਮਿਕ ਅਦਾਲਤਾਂ ਦੇ ਸੰਚਾਲਨ ‘ਤੇ ਬਹਿਸ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਸ ਸਰਾਂ ‘ਚ ਇੰਗਲੈਂਡ ਦੀ 17ਵੀਂ ਸਦੀ ਦੀ ਅਦਾਲਤ ਦੇ ਚਿਤਰ ਬਣੇ ਹੋਏ ਹਨ ਤੇ ਇੱਥੇ ਹੀ 46 ਸਿੱਖਾਂ, ਜੋ ਕੇ ਮੈਜਿਸਟ੍ਰੇਟ ਅਤੇ ਜੱਜ ਚੁਣੇ ਗਏ, ਉਨ੍ਹਾਂ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦਰਸਾਏ ਗਏ ਬਰਾਬਰੀ ਤੇ ਅਖੰਡਤਾ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੀ ਸਹੁੰ ਚੁੱਕੀ। ਵੱਡੀ ਗੱਲ ਇਹ ਸੀ ਕਿ ਇਹਨਾਂ 46 ਜੱਜਾਂ ਤੇ ਵਕੀਲਾਂ ਵਿੱਚੋ ਜ਼ਿਆਦਾਤਰ ਸਿੱਖ ਬੀਬੀਆਂ ਹਨ।

ਕਿਸ ਦੀ ਪਹਿਲਕਦਮੀ ਨਾਲ ਬਣੀ ਸਿੱਖ ਅਦਾਲਤ?

ਅਦਾਲਤ ਦੀ ਸਥਾਪਨਾ ਵੀ ਸਿੱਖ ਵਕੀਲਾਂ ਦੁਆਰਾ ਕੀਤੀ ਗਈ ਹੈ ਜਿਨ੍ਹਾਂ ਨੇ ਲੰਡਨ ‘ਚ ਰਹਿੰਦਿਆਂ ਇਹ ਮਹਿਸੂਸ ਕੀਤਾ ਸੀ ਕਿ ਯੂਕੇ ਦੀਆਂ ਅਦਾਲਤਾਂ ਕੋਲ ਸਿੱਖਾਂ ਦੇ ਵਿਵਾਦਾਂ ਦਾ ਨਿਪਟਾਰਾ ਕਰਨ ਲਈ ਧਾਰਮਿਕ ਅਤੇ ਸੱਭਿਆਚਾਰਕ ਮੁਹਾਰਤ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਓਨੇ ਸਾਧਨ ਹਨ ਕਿ ਉਹ ਸਿੱਖਾਂ ਦੇ ਮਸਲਿਆਂ ਨੂੰ ਸਮਝ ਸਕਣ। ਲੰਡਨ ਦੀਆਂ ਅਦਾਲਤਾਂ ਹਮੇਸ਼ਾ ਦਬਾਅ ‘ਚ ਕੰਮ ਕਰਦੀਆਂ ਸਨ। ਇਸ ਲਈ ਸਿੱਖਾਂ ਨੇ ਮਹਿਸੂਸ ਕੀਤਾ ਕਿ ਲੰਡਨ ‘ਚ ਸਿੱਖਾਂ ਦੀ ਆਪਣੀ ਅਦਾਲਤ ਹੋਣੀ ਚਾਹੀਦੀ ਹੈ।

ਇਹ ਅਦਾਲਤ ਸਿੱਖਾਂ ਦੇ ਪਰਿਵਾਰਿਕ ਤੇ ਸਿਵਲ ਝਗੜਿਆਂ ਨੂੰ ਹੱਲ ਕਰਨ ਲਈ ਇੱਕ ਆਪਸ਼ਨਲ ਫੌਰਮ ਵਜੋਂ ਕੰਮ ਕਰੇਗਾ। ਯਾਨੀ ਕਿ ਕੋਈ ਵੀ ਸਿੱਖ ਇੱਥੇ ਆਪਣਾ ਮਸਲਾ ਹੱਲ ਕਰਵਾ ਸਕੇਗਾ। ਲੰਡਨ ਦੀਆਂ ਦੂਜੀਆਂ ਅਦਾਲਤਾਂ ਆਪਣਾ ਕੰਮ ਆਪਣੇ ਪੱਧਰ ’ਤੇ ਕਰਦੀਆਂ ਰਹਿਣਗੀਆਂ।

ਕੀ ਇਹ ਇੱਕ ਧਾਰਮਿਕ ਟ੍ਰਿਬਿਊਨਲ ਹੈ?

ਅਦਾਲਤ ਦੇ ਸੰਸਥਾਪਕਾਂ ਵਿੱਚੋਂ ਇੱਕ ਬੈਰਿਸਟਰ ਬਲਦੀਪ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਜਾਂ ਧਾਰਮਿਕ ਅਦਾਲਤ ਨਹੀਂ ਹੈ। ਕਿਉਂਕਿ ਇਸਲਾਮ ਅਤੇ ਯਹੂਦੀ ਧਰਮ ਦੇ ਉਲਟ, ਸਿੱਖ ਧਰਮ ਦਾ ਆਪਣਾ ਕਾਨੂੰਨੀ ਕੋਡ ਨਹੀਂ ਹੈ। ਇਸ ਅਦਾਲਤ ਦਾ ਉਦੇਸ਼ “ਸਿੱਖ ਸਿਧਾਂਤਾਂ ਦੇ ਅਨੁਸਾਰ ਸੰਘਰਸ਼ਾਂ ਤੇ ਝਗੜਿਆਂ ਨਾਲ ਨਜਿੱਠਣ ਵੇਲੇ ਸਿੱਖ ਪਰਿਵਾਰਾਂ ਦੀ ਲੋੜ ਸਮੇਂ ਸਹਾਇਤਾ ਕਰਨਾ” ਹੀ ਹੋਵੇਗਾ। ਬੈਰਿਸਟਰ ਬਲਦੀਪ ਸਿੰਘ ਨੇ ਇਹ ਵੀ ਕਿਹਾ ਇਹ ਅਦਾਲਤ ਵਿਚੋਲਗੀ ਦੇ ਸਿਧਾਂਤ ‘ਤੇ ਪਹਿਰਾ ਦਵੇਗੀ ਅਤੇ ਯੂਕੇ ਦੀਆਂ ਅਦਾਲਤਾਂ ਨਾਲ ਮਿਲ ਕੇ ਕੰਮ ਕਰੇਗੀ।

ਵੱਖਰੀ ਸਿੱਖ ਅਦਾਲਤ ਦੀ ਲੋੜ ਕਿਉਂ ਪਈ?

ਅਦਾਲਤ ਦੇ ਸੰਸਥਾਪਕਾਂ ਨੇ ਕਿਹਾ ਕਿ ਜਿਹੜੇ ਸਿੱਖ ਹੁਣ ਲੰਡਨ ਦੀਆਂ ਧਰਮ ਨਿਰਪੱਖ ਪਰਿਵਾਰਿਕ ਅਦਾਲਤਾਂ ਦੇ ਸਾਹਮਣੇ ਪੇਸ਼ ਹੋ ਰਹੇ ਹਨ, ਉਨ੍ਹਾਂ ਸਿੱਖਾਂ ਨੂੰ ਅਦਾਲਤਾਂ ਨੂੰ ਸਿੱਖੀ ਸਿਧਾਂਤ ਸਮਝਾਉਣਾ ਔਖਾ ਹੋ ਰਿਹਾ ਹੈ। ਉਨ੍ਹਾਂ ਇੱਕ ਮਾਮਲੇ ਦਾ ਜ਼ਿਕਰ ਵੀ ਕੀਤਾ ਜਿਸ ‘ਚ ਇੱਕ ਸਿੱਖ ਜੋੜੇ ਨੇ ਤਲਾਕ ਲੈ ਲਿਆ ਸੀ। ਉਨ੍ਹਾਂ ਵਿਚਕਾਰ ਆਪਣੇ ਪੁੱਤਰ ਦੇ ਕੇਸਾਂ ਨੂੰ ਲੈ ਕੇ ਵਿਵਾਦ ਸੀ। ਮਾਂ ਪੁੱਤ ਦੇ ਵਾਲ ਛੋਟੇ ਰੱਖਣਾ ਚਾਹੁੰਦੀ ਸੀ ਤੇ ਪਿਓ ਕੇਸ ਕਤਲ ਨਹੀਂ ਕਰਵਾਉਣਾ ਚਾਹੁੰਦਾ ਸੀ।

ਉਸ ਪਿਤਾ ਨੇ ਪੁੱਤ ਦੇ ਵਾਲ ਲੰਬੇ ਰੱਖਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਪਰ ਅਦਾਲਤ ਦਾ ਫੈਸਲਾ ਮਾਂ ਦੇ ਹੱਕ ‘ਚ ਆਇਆ ਸੀ। ਜਿਸ ਤੋਂ ਸਿੱਖਾਂ ਨੂੰ ਲੱਗਿਆ ਕਿ ਪਿਓ ਦੀਆਂ ਸਿੱਖੀ ਭਾਵਨਾਵਾਂ ਨੂੰ ਅਦਾਲਤ ਨਹੀਂ ਸਮਝ ਸਕੀ ਕਿਉਂਕਿ ਕੇਸ ਰੱਖਣਾ ਤਾਂ ਸਿੱਖੀ ਦਾ ਪਹਿਲਾ ਸਿਧਾਂਤ ਹੈ।

ਇਸ ਸਬੰਧ ਵਿੱਚ ਬੈਰਿਸਟਰ ਬਲਦੀਪ ਸਿੰਘ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਸਿੱਖ ਅਦਾਲਤ ਦੇ ਸਿੱਖੀ ਗਿਆਨ ਵਾਲੇ ਜੱਜਾਂ ਤੋਂ ਆਮ ਸਿੱਖਾਂ ਨੂੰ ਫਾਇਦਾ ਹੋਵੇਗਾ।

ਨਵੀਂ ਸਿੱਖ ਅਦਾਲਤ ‘ਚ 30 ਮੈਜਿਸਟ੍ਰੇਟਸ ਅਤੇ 15 ਜੱਜ ਸ਼ਾਮਲ

ਇਹ ਨਵੀਂ ਸਿੱਖ ਅਦਾਲਤ ਵਿਅਕਤੀਗਤ ਤੌਰ ‘ਤੇ ਕੰਮ ਕਰੇਗੀ, ਅਤੇ ਇਸ ਵਿੱਚ ਲਗਭਗ 30 ਮੈਜਿਸਟ੍ਰੇਟਸ ਅਤੇ 15 ਜੱਜ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਹੋਣਗੀਆਂ। ਇੱਕ ਅਖ਼ਬਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੈਜਿਸਟ੍ਰੇਟ ਕਿਸੇ ਵੀ ਵਿਵਾਦ ‘ਤੇ ਸਮਝੌਤੇ ਲਈ ਗੱਲਬਾਤ ਕਰਨ ਲਈ ਦੋਵੇਂ ਪਾਰਟੀਆਂ ਵਿਚਕਾਰ ਵਿਚੋਲਗੀ ਕਰਨਗੇ, ਤੇ ਫੇਰ ਜੱਜ ਕੋਲ ਸਾਰਾ ਵਿਵਾਦ ਲੈ ਕੇ ਜਾਣਗੇ।

ਇੱਕ ਹੋਰ ਬੈਰਿਸਟਰ ਸ਼ਰਨ ਭੱਚੂ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਨਾਲ ਅਸੀਂ ਨਹੀਂ ਨਜਿੱਠ ਸਕਦੇ ਹੋਵਾਂਗੇ ਜਾਂ ਸਾਨੂੰ ਲੱਗਦਾ ਹੋਵੇਗਾ ਕਿ ਇਹ ਸਾਡੇ ਕੋਲ ਨਹੀਂ ਨਜਿੱਠਣਾ ਨਹੀਂ ਚਾਹੀਦਾ ਹੈ, ਤਾਂ ਉਹਨਾਂ ਮਸਲਿਆਂ ਨੂੰ ਉਚਿਤ ਸਥਾਨ ‘ਤੇ ਭੇਜਿਆ ਜਾਵੇਗਾ।

ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਅਸੀਂ ਇੱਥੇ ਲੰਡਨ ਦੀਆਂ ਅੰਗਰੇਜ਼ੀ ਅਦਾਲਤਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਆਏ ਹਾਂ, ਅਸੀਂ ਬੱਸ ਸਿੱਖਾਂ ਦੇ ਮਸਲੇ ਵੱਖਰੇ ਤੌਰ ‘ਤੇ ਹੱਲ ਕਰਨਾ ਚਾਹੁੰਦੇ ਹਾਂ। ਸ਼ਰਨ ਭੱਚੂ ਨੇ ਪਿਛਲੇ ਹਫ਼ਤੇ ਨਵੀਂ ਸਿੱਖ ਅਦਾਲਤ ਲਈ “ਲੀਡ ਫੈਮਿਲੀ ਜੱਜ” ਵਜੋਂ ਸਹੁੰ ਚੁੱਕੀ ਸੀ।