India Punjab

ਭਾਰਤ ਦੇ 97 ਕਰੋੜ ਲੋਕਾਂ ਦੇ ਲਈ ਕੱਲ ਵੱਡਾ ਦਿਨ ! ਦੁਪਹਿਰ 3 ਵਜੇ ਵੱਡਾ ਐਲਾਨ

ਬਿਉਰੋ ਰਿਪੋਰਟ : 2024 ਦੀਆਂ ਲੋਕਸਭਾ ਚੋਣਾਂ ਅਤੇ ਕੁਝ ਸੂਬਿਆਂ ਵਿੱਚ ਤੈਅ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਕੱਲ ਐਲਾਨ ਹੋਣ ਜਾ ਰਿਹਾ ਹੈ । ਚੋਣ ਕਮਿਸ਼ਨ ਨੇ ਕੱਲ 3 ਵਜੇ ਪੀਸੀ ਸੱਦੀ ਹੈ,ਚੋਣਾਂ ਦੇ ਐਲਾਨ ਦੇ ਨਾਲ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ ।ਯਾਨੀ ਸਿਆਸੀ ਪਾਰਟੀਆਂ ਕੋਲੋ ਐਲਾਨਾਂ ਨੂੰ ਲੈਕੇ ਸਿਰਫ ਕੁਝ ਹੀ ਘੰਟੇ ਬਚੇ ਹਨ । ਈਸੀ ਦੀ ਪੀਸੀ ਨੂੰ ਚੋਣ ਕਮਿਸ਼ਨ ਦੀ ਵੈੱਬ ਲਾਈਟ ‘ਤੇ ਲਾਈਵ ਕੀਤਾ ਜਾਵੇਗਾ । ਚੋਣਾਂ ਦੇ ਐਲਾਨ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜ ਦੇਸ਼ ਵਿੱਚ ਅਗਲੀ ਸਰਕਾਰ ਚੁਣਨ ਦੇ ਲਈ ਸਿਆਸੀ ਜੰਗ ਦੀ ਅਧਿਕਾਰਕ ਸ਼ੁਰੂਆਤ ਹੋ ਜਾਵੇਗੀ। ਮੁੱਖ ਮੁਕਾਬਲਾ NDA ਦੀ ਅਗਵਾਈ ਕਰ ਰਹੀ ਬੀਜੇਪੀ ਅਤੇ INDIA ਗਠਜੋੜ ਦੀ ਅਗਵਾਈ ਕਰ ਰਹੀ ਕਾਂਗਰਸ ਦੇ ਵਿਚਾਲੇ ਹੈ । ਇਸ ਤੋਂ ਇਲਾਵਾ ਖੇਤਰੀ ਪਾਰਟੀਆਂ ਵੀ ਪੂਰੇ ਦਮ ਨਾਲ ਮੈਦਾਨ ਵਿੱਚ ਦਾਅਵੇਦਾਰੀ ਪੇਸ਼ ਕਰਨਗੀਆਂ। ਲੋਕਸਭਾ ਦੇ ਨਾਲ ਆਂਧਰਾ,ਅਰੁਣਾਚਲ ਪ੍ਰਦੇਸ਼,ਓਡੀਸ਼ਾ,ਸਿੱਕਿਮ ਦੀਆਂ ਵਿਧਾਨਸਭਾ ਚੋਣਾਂ ਦਾ ਐਲਾਨ ਵੀ ਹੋ ਜਾਵੇਗਾ ।

ਜੇਕਰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਬੀਤੇ ਦਿਨੀ ਸੌਂਪੀ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ 2029 ਦੀਆਂ ਆਮ ਚੋਣਾਂ ਵਿੱਚ ਲੋਕਸਭਾ ਦੇ ਨਾਲ ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਵੀ ਇਕੱਠੀ ਹੋਣਗੀਆਂ । ਇਸ ਦੀ ਵਜ੍ਹਾ ਨਾਲ ਦੇਸ਼ ਦੀਆਂ ਕਈ ਵਿਧਾਨਸਭਾ ਚੋਣਾਂ ਦਾ ਕਾਰਕਾਲ ਵਧਾਇਆ ਜਾ ਸਕਦਾ ਹੈ ਅਤੇ ਕਈਆਂ ਦਾ ਘੱਟ ਹੋ ਸਕਦਾ ਹੈ । ਜੇਕਰ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਹੋ ਜਾਂਦਾ ਹੈ ਤਾਂ 2027 ਵਿੱਚ ਚੁਣੀ ਜਾਣ ਵਾਲੀ ਪੰਜਾਬ ਸਰਕਾਰ ਦਾ ਕਾਰਜਕਾਲ 2 ਸਾਲ ਹੀ ਰਹੇਗੀ । ਜਦਕਿ ਮੌਜੂਦਾ ਮਾਨ ਸਰਕਾਰ ਦਾ ਕਾਰਜਕਾਲ ਵੀ 3 ਤੋਂ 5 ਮਹੀਨੇ ਘਟੇਗਾ ।

ਉਧਰ ਇੱਕ ਦਿਨ ਪਹਿਲਾਂ ਹੀ 2 ਨਵੇਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਕੀਤੀ ਗਈ ਹੈ । ਜਾਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਹੈ । ਹੁਣ ਚੋਣ ਕਮਿਸ਼ਨ ਵਿੱਚ 3 ਚੋਣ ਅਧਿਕਾਰੀ ਹੋ ਗਏ ਹਨ । ਸੋਮਵਾਰ ਨੂੰ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਅਸਤੀਫਾ ਦਿੱਤਾ ਸੀ ਜਦਕਿ ਇਸ ਤੋਂ ਪਹਿਲਾਂ ਇੱਕ ਚੋਣ ਕਮਿਸ਼ਨਰ ਰਿਟਾਇਡ ਹੋਏ ਸਨ ।

2024 ਲੋਕਸਭਾ ਚੋਣਾਂ ਦੌਰਾਨ 97 ਕਰੋੜ ਵੋਟਰ ਹਨ, 2 ਕਰੋੜ ਨਵੇਂ ਵੋਟਰ ਜੁੜੇ ਹਨ

2024 ਲੋਕਸਭਾ ਚੋਣਾਂ ਵਿੱਚ 97 ਕਰੋੜ ਲੋਕ ਵੋਟਿੰਗ ਕਰ ਸਕਣਗੇ । ਚੋਣ ਕਮਿਸ਼ਨ ਨੇ 8 ਫਰਵਰੀ ਨੂੰ ਸਾਰੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਤ ਸੂਬਿਆਂ ਵਿੱਚ ਵੋਟਰਸ ਨਾਲ ਜੁੜੀ ਸਪੈਸ਼ਲ ਸਮਰੀ ਰਿਵੀਜਨ 2024 ਰਿਪੋਰਟ ਜਾਰੀ ਕੀਤੀ ਸੀ । ਕਮਿਸ਼ਨ ਨੇ ਦੱਸਿਆ ਸੀ ਕਿ ਵੋਟਿੰਗ ਲਿਸਟ ਵਿੱਚ 18 ਤੋਂ 29 ਸਾਲ ਦੀ ਉਮਰ ਦੇ 2 ਕਰੋੜ ਦੇ ਨਵੇਂ ਵੋਟਰ ਜੋੜੇ ਗਏ ਹਨ । 2019 ਲੋਕਸਭਾ ਚੋਣਾਂ ਦੇ ਮੁਕਾਬਲੇ ਰਜਿਸਟਰਡ ਵੋਟਰ ਦੀ ਗਿਣਤੀ 6 ਫੀਸਦੀ ਵਧੀ ਹੈ ।

ਸਿਆਸੀ ਪਾਰਟੀਆਂ ਚੋਣਾਂ ਵਿੱਚ ਬਚਿਆਂ ਦੀ ਵਰਤੋਂ ਨਾ ਕਰਨ

ਚੋਣ ਕਮਿਸ਼ਨ ਨੇ 5 ਫਰਵਰੀ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਸਲਾਹ ਦਿੱਤੀ ਸੀ ਕਿ ਚੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਕਿਸੇ ਵੀ ਰੂਪ ਵਿੱਚ ਨਾ ਕਰਨ । ਪਾਰਟੀਆਂ ਨੂੰ ਭੇਜੀ ਗਈ ਐਡਵਾਇਜ਼ਰੀ ਵਿੱਚ ਚੋਣ ਪੈਨਲ ਨੇ ਪਾਰਟੀਆਂ ਅਤੇ ਉਮੀਦਵਾਰਾਂ ਦੀ ਚੋਣ ਪ੍ਰਕਿਆ ਦੌਰਾਨ ਬੱਚਿਆਂ ਦੇ ਪੋਸਟਰ ਅਤੇ ਪਰਚੇ ਵੰਡਣ,ਨਾਰੇਬਾਜ਼ੀ ਨੂੰ ਲੈਕੇ ਜ਼ੀਰੋ ਟਾਲਰੈਂਸ ਜ਼ਾਹਿਰ ਕੀਤੀ ਸੀ ।

85+ ਉਮਰ ਦੇ ਬਜ਼ੁਰਗ ਹੀ ਘਰ ਤੋਂ ਵੋਟ ਪਾ ਸਕਣਗੇ

ਚੋਣ ਕਮਿਸ਼ਨ ਦੀ ਸਿਫਾਰਿਸ਼ ਦੇ ਬਾਅਦ 1 ਮਾਰਚ ਨੂੰ ਸਰਕਾਰ ਨੇ ਬਜ਼ੁਰਗ ਵੋਟਰਾਂ ਦੇ ਲਈ ਪੋਸਟਲ ਬੈਲੇਟ ਤੋਂ ਵੋਟਿੰਗ ਕਰਨ ਵਾਲੇ ਚੋਣ ਨਿਯਮ ਨੂੰ ਬਦਲ ਦਿੱਤਾ ਸੀ ਹੁਣ ਸਿਰਫ਼ 85 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਬਜ਼ੁਰਗ ਪੋਸਟਲ ਬੈਲਟ ਦੇ ਜ਼ਰੀਏ ਵੋਟਿੰਗ ਕਰ ਸਕਣਗੇ । ਹੁਣ ਤੱਕ 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਇਹ ਸੁਵਿਧਾ ਸੀ ।

ਫੋਰਸ ਦੀ ਤਾਇਨਾਤੀ

ਲੋਕਸਭਾ ਅਤੇ 4 ਵਿਧਾਨਸਭਾ ਦੀਆਂ ਚੋਣਾਂ ਦੌਰਾਨ 3.4 ਲੱਖ ਤੋਂ ਜ਼ਿਆਦਾ ਸੈਂਟਰਲ ਫੋਰਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਜਾਵੇਗੀ । ਜਵਾਨਾਂ ਦਾ ਪਹਿਲਾਂ ਬੈਚ 1 ਮਾਰਚ ਨੂੰ ਦੇਸ਼ ਦੇ ਅੱਤ ਨਾਜ਼ੁਕ ਇਲਾਕਿਆਂ ਦੇ ਲਈ ਰਵਾਨਾ ਹੋਣਗੇ ।