ਚੰਡੀਗੜ੍ਹ : ਗਿਆਰਾਂ ਦਸੰਬਰ ਨੂੰ ਸਿੰਘੂ ਬਾਰਡਰ ਤੇ ਹੋਣ ਜਾ ਰਹੇ ਸ਼ਹੀਦੀ ਸਮਾਗਮਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵਰਕਰ ਵੱਡੀ ਗਿਣਤੀ ਵਿੱਚ ਹਿਸਾ ਲੈਣਗੇ। ਇਹ ਪ੍ਰਗਟਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕੀਤਾ ਹੈ।
ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪੰਜਾਬ ਪੱਧਰੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਕਿਹਾ ਕਿ 11 ਦਸੰਬਰ ਨੂੰ ਸਿੰਘੂ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮੋਰਚੇ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਅਤੇ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਸਮਾਗਮ ਕੀਤੇ ਜਾ ਰਹੇ ਹਨ ਤੇ ਇਹਨਾਂ ਵਿੱਚ ਲਗਭਗ 30 ਹਜਾਰ ਦੇ ਕਰੀਬ ਵਰਕਰ ਸਿਰਫ ਭਾਰਤੀ ਕਿਸਾਨ ਯੂਨੀਅਨ ਏਕਤਾ ਜੱਥੇਬੰਦੀ ਵੱਲੋਂ ਸ਼ਾਮਲ ਹੋਣਗੇ ਜਿਸ ਦੇ ਸਬੰਧ ਵਿਚ ਸਾਰੇ ਜ਼ਿਲਿਆਂ ਦੀਆਂ ਪਿੰਡਾਂ ਵਿੱਚ ਲਾਮਬੰਦੀ ਕਰਨ ਲਈ ਅੱਜ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
ਬਾਕੀ ਦੇਸ਼ ਭਰ ਦੀਆਂ ਜਥੇਬੰਦੀਆਂ ਵੱਲੋਂ ਜੋ ਕਿਸਾਨ ਪਹੁੰਚ ਰਹੇ ਹਨ ਉਸ ਬਾਰੇ ਫੈਸਲਾ 5 ਦਸੰਬਰ ਦੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਤੋਂ ਬਾਅਦ ਪਤਾ ਲੱਗ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਸਰਕਾਰ ਤੇ ਵਰਦਿਆਂ ਉਹਨਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਜੋ ਮੁੱਖ ਮੰਤਰੀ ਆਪ ਕਿਸਾਨਾਂ ਕੋਲ ਧਰਨਿਆਂ ਤੇ ਜਾ ਕੇ ਸੜਕਾਂ ਉੱਪਰ ਬਹਿੰਦੇ ਸਨ,ਉਹ ਅੱਜ ਪ੍ਰੈਸ ਕਾਨਫਰੰਸਾਂ ਕਰਕੇ ਧਰਨਿਆਂ ਲਈ ਕਿਸਾਨਾਂ ਨੂੰ ਖਾਸ ਜਗਾਵਾਂ ਦਾ ਸੁਝਾਅ ਦੇ ਰਹੇ ਹਨ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਪੰਜਾਬੀਆਂ ਨੂੰ ਬੇਵਕੂਫ ਕੌਮ ਆਖ ਰਿਹਾ ਹੈ।
ਡੱਲੇਵਾਲ ਨੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਨੇੜੇ ਮਜ਼ਦੂਰਾਂ ਵਰਗ ‘ਤੇ ਆਪਣੇ ਹੱਕਾ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਕੀਤੇ ਗਏ ਲਾਠੀਚਾਰਜ ਦੀ ਵੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਸ ਦੀ ਅਸੀਂ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਸਰਕਾਰ ਵੱਲੋਂ ਕਿਸੇ ਵੀ ਵਰਗ ਨਾਲ ਕੀਤੇ ਜਾਂਦੇ ਧੱਕੇ ਨੂੰ ਬੀ ਕੇ ਯੂ ਸਿੱਧੂਪੁਰ ਬਰਦਾਸ਼ਤ ਨਹੀਂ ਕਰੇਗੀ।