Punjab

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ ਨੌਜਵਾਨਾਂ ਦਾ ਜੀਪ ਸਵਾਰ ਨੇ ਕਰ ਦਿੱਤਾ ਇਹ ਹਾਲ, ਬਾਅਦ ‘ਚ ਹੋਇਆ ਫ਼ਰਾਰ

A jeep hit a bike in Ludhiana, a young man died, his partner was injured, the driver left the jeep and ran away

ਲੁਧਿਆਣਾ ਦੇ ਦੋਰਾਹਾ ਨੇੜੇ ਦੱਖਣੀ ਬਾਈਪਾਸ ‘ਤੇ ਇੱਕ ਤੇਜ਼ ਰਫ਼ਤਾਰ ਪਿਕਅਪ ਜੀਪ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾ ਰਹੇ ਸਨ। ਘਟਨਾ ਤੋਂ ਬਾਅਦ ਡਰਾਈਵਰ ਜੀਪ ਨੂੰ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਿਆ।

ਮ੍ਰਿਤਕ ਦੀ ਪਛਾਣ 26 ਸਾਲਾ ਮਨਪ੍ਰੀਤ ਸਿੰਘ ਵਾਸੀ ਪਿੰਡ ਕੀਮਾ ਭੈਣੀ ਵਜੋਂ ਹੋਈ ਹੈ। ਜਦਕਿ ਉਸ ਦੇ ਦੋਸਤ ਦੀ ਪਛਾਣ ਰਾਜਪੁਰਾ ਦੇ ਪਿੰਡ ਮਦਨਪੁਰ ਦੇ 25 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਦੋਰਾਹਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਮਨਦੀਪ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਰਜੰਗਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਜਾ ਰਹੇ ਸਨ।

ਜਦੋਂ ਉਹ ਦੱਖਣੀ ਬਾਈਪਾਸ ’ਤੇ ਸਰਵਿਸ ਲੇਨ ’ਤੇ ਪੁੱਜੇ ਤਾਂ ਪਿੰਡ ਗੁਰਥਲੀ ਰੋਡ ਤੋਂ ਆ ਰਹੀ ਇੱਕ ਮਹਿੰਦਰਾ ਜੀਪ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮਨਪ੍ਰੀਤ ਅਤੇ ਅਮਨਦੀਪ ਸੜਕ ‘ਤੇ ਡਿੱਗ ਗਏ। ਭੱਜਣ ਦੀ ਕੋਸ਼ਿਸ਼ ਵਿੱਚ ਡਰਾਈਵਰ ਨੇ ਜੀਪ ਦੀ ਰਫ਼ਤਾਰ ਵਧਾ ਦਿੱਤੀ। ਦੋਵੇਂ ਨੌਜਵਾਨ ਜੀਪ ਦੇ ਹੇਠਾਂ ਫਸ ਗਏ। ਡਰਾਈਵਰ ਉਨ੍ਹਾਂ ਨੂੰ ਘਸੀਟ ਕੇ ਲੈ ਗਿਆ। ਬਾਅਦ ਵਿੱਚ ਉਹ ਕਾਰ ਛੱਡ ਕੇ ਭੱਜ ਗਿਆ।

ਏਐਸਆਈ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਹ ਅਮਨਦੀਪ ਸਿੰਘ ਨੂੰ ਹਸਪਤਾਲ ਲੈ ਗਏ। ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279, 337, 338, 427 ਅਤੇ 304ਏ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੇ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ।