Punjab

ਨਵਾਂਸ਼ਹਿਰ ਦੇ ਨੌਜਵਾਨ ਨਾਲ ਬੱਕਰੀਆਂ ਚਰਾਉਂਦੇ ਸਮੇਂ ਹੋਇਆ ਕੁਝ ਅਜਿਹਾ …

 ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਭੋਲੇਵਾਲ ਦੇ ਇੱਕ ਨੌਜਵਾਨ ਦੀ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਸੁਰਜੀਤ ਲਾਲ ਵਜੋਂ ਹੋਈ ਹੈ, ਜਿਸ ਦੀ ਲਾਸ਼ ਮੰਗਲਵਾਰ ਨੂੰ ਪਾਣੀ ਘੱਟਣ ‘ਤੇ ਮਿਲੀ। ਥਾਣਾ ਪੋਜੇਵਾਲ ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰ ਲਿਆ ਹੈ।

9 ਜੁਲਾਈ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕੰਢੀ ਖੇਤਰ ਵਿੱਚ ਤਬਾਹੀ ਮਚਾਈ ਹੋਈ ਹੈ। ਇਸੇ ਦੌਰਾਨ ਬਲਾਕ ਸਡੋਆ ਦੇ ਪਿੰਡ ਭੋਲੇਵਾਲ ਦਾ 18 ਸਾਲਾ ਵਿਜੇ ਕੁਮਾਰ ਬਾਬਾ ਰੂੜੀ ਵਾਲੇ ਮੰਦਰ ਨੇੜੇ ਬੱਕਰੀਆਂ ਚਰਾਉਣ ਗਿਆ ਸੀ ਪਰ ਪਾਣੀ ਵਿੱਚ ਤਿਲਕਣ ਕਾਰਨ ਉਹ ਟੋਏ ਵਿੱਚ ਡਿੱਗ ਕੇ ਡੁੱਬ ਗਿਆ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

ਮ੍ਰਿਤਕ ਵਿਜੇ ਕੁਮਾਰ ਦੇ ਪਿਤਾ ਸੁਰਜੀਤ ਲਾਲ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪੁੱਤਰ ਵਿਜੇ ਕੁਮਾਰ ਬੱਕਰੀਆਂ ਚਾਰਨ ਲਈ ਖੇਤਾਂ ਵਿੱਚ ਗਿਆ ਸੀ। ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਚੱਲ ਰਹੀ ਸੀ। ਇਸ ਕਾਰਨ 20-25 ਫੁੱਟ ਡੂੰਘੇ ਟੋਏ ਬਣ ਗਏ ਸਨ, ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਸੀ।

ਵਿਜੇ ਕੁਮਾਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਇਸ ਮਾਮਲੇ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਕਰ ਰਹੀ ਹੈ। ਪੁਲਿਸ ਵੀ ਆਪਣੀ ਜਾਂਚ ਕਰ ਰਹੀ ਹੈ।