India

ਪੁੰਛ ਅੱਤਵਾਦੀ ਹਮਲੇ ਦੇ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਜਨਤਕ, ਸਾਬਕਾ ਪਾਕਿ ਕਮਾਂਡੋ ਤੇ ਲਸ਼ਕਰ ਕਮਾਂਡਰ ਵੀ ਸ਼ਾਮਲ

ਜੰਮੂ-ਕਸ਼ਮੀਰ ਦੇ ਪੁੰਛ ‘ਚ 4 ਮਈ ਨੂੰ ਹਵਾਈ ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਾਮਲ ਤਿੰਨ ਸ਼ੱਕੀਆਂ ਦੇ ਨਾਂ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਅੱਤਵਾਦੀਆਂ ‘ਚੋਂ ਇਕ ਪਾਕਿਸਤਾਨੀ ਫੌਜ ਦਾ ਸਾਬਕਾ ਕਮਾਂਡੋ ਇਲਿਆਸ ਉਰਫ ਫੌਜੀ, ਦੂਜਾ ਲਸ਼ਕਰ ਕਮਾਂਡਰ ਅਬੂ ਹਮਜ਼ਾ ਅਤੇ ਤੀਜਾ ਪਾਕਿਸਤਾਨੀ ਅੱਤਵਾਦੀ ਹਦੂਨ ਹੈ।

ਇਸ ਹਮਲੇ ਵਿੱਚ ਹਵਾਈ ਸੈਨਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਤੇ ਚਾਰ ਜ਼ਖ਼ਮੀ ਹੋ ਗਏ ਸਨ। ਹਮਲੇ ‘ਚ ਸ਼ਾਮਲ ਅੱਤਵਾਦੀਆਂ ਦੇ ਸਕੈਚ ਜਾਰੀ ਕਰਨ ਦੇ ਨਾਲ ਹੀ ਫੌਜ ਨੇ ਉਨ੍ਹਾਂ ‘ਤੇ 20 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ। ਹਮਲੇ ਦੇ ਸਬੰਧ ਵਿੱਚ ਕਰੀਬ 20 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਸੁਰੱਖਿਆ ਬਲਾਂ ਦੀ ਤਲਾਸ਼ੀ ਮੁਹਿੰਮ ਅੱਜ ਬੁੱਧਵਾਰ (8 ਮਈ, 2024) ਨੂੰ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ।

ਦੱਸ ਦੇਈਏ ਜੰਮੂ-ਕਸ਼ਮੀਰ ਦੇ ਪੁੰਛ ‘ਚ 4 ਮਈ ਨੂੰ ਹਵਾਈ ਫੌਜ ਦੇ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ 5 ਜਵਾਨ ਜ਼ਖਮੀ ਹੋ ਗਏ ਸਨ। ਇੱਕ ਸਿਪਾਹੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਹਮਲਾ ਪੁੰਛ ਦੇ ਸ਼ਾਹਸਿਤਾਰ ਇਲਾਕੇ ਵਿੱਚ ਹੋਇਆ ਸੀ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੀਆਂ ਦੋ ਗੱਡੀਆਂ ‘ਤੇ ਭਾਰੀ ਗੋਲੀਬਾਰੀ ਕੀਤੀ। ਇਨ੍ਹਾਂ ਵਿੱਚੋਂ ਇੱਕ ਵਾਹਨ ਹਵਾਈ ਸੈਨਾ ਦਾ ਸੀ। ਦੋਵੇਂ ਗੱਡੀਆਂ ਸਨਾਈ ਟਾਪ ਵੱਲ ਜਾ ਰਹੀਆਂ ਸਨ। ਅੱਤਵਾਦੀਆਂ ਦੀਆਂ ਗੋਲੀਆਂ ਗੱਡੀ ਦੇ ਅਗਲੇ ਅਤੇ ਪਾਸੇ ਦੇ ਸ਼ੀਸ਼ੇ ਨੂੰ ਪਾਰ ਕਰ ਗਈਆਂ ਸਨ।

ਉੱਧਰ ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਰੇਦਵਾਨੀ ਪਾਈਨ ਇਲਾਕੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਫਿਰ ਤੋਂ ਮੁੱਠਭੇੜ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।