India Punjab

ਡਿਬਰੂਗੜ੍ਹ ਜੇਲ੍ਹ ‘ਚ ਸਿੱਖ ਕੈਦੀਆਂ ਨੇ ਕੀਤੀ ਭੁੱਖ ਹੜਤਾਲ, ਜਾਣੋ ਵਜ੍ਹਾ

ਡਿਬਰੂਗੜ੍ਹ :  ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਸਿੰਘ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਇਸਦਾ ਖੁਲਾਸਾ ਕਰਦਿਆਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ‘ਤੇ ਵੱਡਾ ਦੋਸ਼ ਲਾਇਆ ਹੈ। ਕਿਰਨਦੀਪ ਕੌਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਖਾਣੇ ਵਿੱਚ ਤੰਬਾਕੂ ਮਿਲਾ ਕੇ ਕੈਦੀਆਂ ਨੂੰ ਦਿੱਤੇ ਜਾਣ ਦਾ ਇਲਜ਼ਾਮ ਲਗਾਇਆ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਕੀਤੀ ਆਖਰੀ ਮੁਲਾਕਾਤ ਤੋਂ ਬਾਅਦ ਕਿਰਨਦੀਪ ਕੌਰ ਨੇ ਕਿਹਾ ਕਿ ਜੇਲ੍ਹ ਦਾ ਖਾਣਾ ਜਿੱਥੇ ਖਾਣ ਦੇ ਲਾਇਕ ਨਹੀਂ ਹੁੰਦਾ, ਉੱਥੇ ਹੀ ਤੰਬਾਕੂ ਵਰਗੇ ਪਦਾਰਥ ਖਾਣੇ ‘ਚ ਮਿਲਾਏ ਜਾ ਰਹੇ ਹਨ। ਭੁੱਖ ਹੜਤਾਲ ਦਾ ਇੱਕ ਹੋਰ ਕਾਰਨ ਕਿਰਨਦੀਪ ਕੌਰ ਨੇ ਦੱਸਦਿਆਂ ਕਿਹਾ ਕਿ ਜੇਲ੍ਹ ਵਿੱਚ ਕੈਦੀਆਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਫੋਨ ਉੱਤੇ ਗੱਲ ਵੀ ਨਹੀਂ ਕਰਨ ਦਿੱਤੀ ਜਾਂਦੀ, ਜਿਸ ਕਰਕੇ ਕੈਦੀਆਂ ਦੇ ਪਰਿਵਾਰਾਂ ਨੂੰ ਹਰ ਮੁਲਾਕਾਤ ਦੇ ਲਈ 20 ਤੋਂ 25 ਹਜ਼ਾਰ ਰੁਪਏ ਖਰਚਣੇ ਪੈਂਦੇ ਹਨ, ਜੋ ਕਿ ਹਰ ਪਰਿਵਾਰ ਦੇ ਵੱਸ ਵਿੱਚ ਨਹੀਂ ਹੁੰਦਾ।

ਹਰ ਹਫ਼ਤੇ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਦੀ ਹੈ ਕਿਰਨਦੀਪ ਕੌਰ

ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਅਸਾਮ ਦੀ ਡਿਬਰੂਗੜ ਜੇਲ੍ਹ ਜਾਂਦੀ ਹੈ। ਕਿਰਨਦੀਪ ਕੌਰ ਨੇ ਦੱਸਿਆ ਕਿ ਫ਼ੋਨ ਦੀ ਸਹੂਲਤ ਨਾ ਮਿਲਣ ਕਾਰਨ ਵਕੀਲਾਂ ਨਾਲ ਕੈਦੀ ਗੱਲ ਬਾਤ ਵੀ ਨਹੀਂ ਕਰ ਪਾਉਂਦੇ, ਜਿਸ ਕਰਕੇ ਵਕੀਲਾਂ ਨੂੰ ਨਾ ਹੀ ਕੁੱਝ ਦੱਸਿਆ ਜਾ ਸਕਦਾ ਹੈ ਤੇ ਨਾ ਹੀ ਕੁਝ ਪੁੱਛਿਆ ਜਾ ਸਕਦਾ ਹੈ, ਜਿਸ ਕਰਕੇ ਕੇਸ ਲੜਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ।

ਇੰਝ ਪਰੋਸਿਆ ਜਾਂਦਾ ਹੈ ਖਾਣਾ

ਕਿਰਨਦੀਪ ਕੌਰ ਨੇ ਦੱਸਿਆ ਕਿ ਕਈ ਵਾਰ ਦਾਲ ਸਬਜ਼ੀ ਵਿੱਚ ਨਮਕ ਹੀ ਨਹੀਂ ਪਾਇਆ ਜਾਂਦਾ। ਹੋਰ ਤਾਂ ਹੋਰ, ਖਾਣਾ ਤਿਆਰ ਕਰਦੇ ਸਮੇਂ ਸੁੱਚਤਾ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ। ਰੋਟੀਆਂ ਵਿੱਚ ਤੰਬਾਕੂ ਨੂੰ ਮਿਲਾਇਆ ਜਾਂਦਾ ਹੈ, ਭਾਵ ਜੋ ਵੀ ਖਾਣਾ ਬਣਾਉਂਦਾ ਹੈ, ਉਹ ਤੰਬਾਕੂ ਦੀ ਵਰਤੋਂ ਕਰਦਾ ਹੈ ਤੇ ਬਾਅਦ ਵਿੱਚ ਉਨ੍ਹਾਂ ਹੀ ਹੱਥਾਂ ਦੇ ਨਾਲ ਸਿੰਘਾਂ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ।ਕਿਰਨਦੀਪ ਕੌਰ ਨੇ ਵੀ ਐਲਾਨ ਕੀਤਾ ਕਿ ਅੱਜ ਤੋਂ ਉਹ ਵੀ ਆਪਣੇ ਪਤੀ ਦੇ ਨਾਲ ਭੁੱਖ ਹੜਤਾਲ ਦਾ ਹਿੱਸਾ ਹੋਵੇਗੀ।

SGPC ਦਾ ਭਰੋਸਾ

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੇ SGPC ਵੱਲੋਂ ਵਕੀਲ ਭਗਵੰਤ ਸਿੰਘ ਸਿਆਲਕਾ ਨੇ ਵੀ ਇਸ ਭੁੱਖ ਹੜਤਾਲ ਦੀ ਪੁਸ਼ਟੀ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਅਸਾਮ ਦੇ ਏਡੀਜੀਪੀ ਪੱਧਰ ਦੇ ਅਧਿਕਾਰੀ ਨੇ ਵਿਸ਼ਵਾਸ ਦੁਆਇਆ ਹੈ ਕਿ ਉਨ੍ਹਾਂ ਦੇ ਮਸਲੇ ਛੇਤੀ ਹੱਲ ਕੀਤੇ ਜਾਣਗੇ।