ਚੰਡੀਗੜ੍ਹ : ਕਤਲ ਅਤੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ (Gurmeet Ram Rahim) ਇਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ (Sunaria Jail Rohtak) ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੇ ਇੱਕ ਵਾਰ ਫਿਰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਨਿਊਜ਼-18 ਦੀ ਖ਼ਬਰ ਮੁਤਾਬਿਕ ਡੇਰਾਮੁਖੀ ਨੇ 25 ਜਨਵਰੀ ਨੂੰ ਭੰਡਾਰਾ ਅਤੇ ਸਤਿਸੰਗ ਲਈ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਭੇਜ ਕੇ ਸਿਰਸਾ ਆਉਣ ਦੀ ਇਜਾਜ਼ਤ ਮੰਗੀ ਹੈ। ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਪੱਖ ਤੋਂ ਵਿਚਾਰ ਕਰ ਰਹੇ ਹਨ।
ਪੈਰੋਲ ਲਈ ਦੱਸੀ ਇਹ ਵਜ੍ਹਾ
ਦਰਅਸਲ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਮਹਾਰਾਜ ਦੇ ਜਨਮ ਦਿਨ 25 ਜਨਵਰੀ ਨੂੰ ਡੇਰੇ ‘ਚ ਭੰਡਾਰਾ ਅਤੇ ਸਤਿਸੰਗ ਕਰਵਾਇਆ ਜਾਵੇਗਾ। ਡੇਰਾਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਹਾਲਾਂਕਿ ਜੇਕਰ ਰਾਮ ਰਹੀਮ ਸਿਰਸਾ ‘ਚ ਆ ਜਾਂਦਾ ਹੈ ਤਾਂ ਸਰਕਾਰ ਲਈ ਵੀ ਵੱਡਾ ਖਤਰਾ ਪੈਦਾ ਹੋ ਸਕਦਾ ਹੈ, ਇਸੇ ਲਈ ਇਸ ਮੁੱਦੇ ‘ਤੇ ਕਾਫੀ ਗਹਿਰਾਈ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਖ਼ਬਰ ਮੁਤਾਬਿਕ ਆਰਡਰ ਦੀ ਫਾਈਲ ਸਿਰਸਾ ਦੇ ਡੀਸੀ ਕੋਲ ਪਹੁੰਚ ਗਈ ਹੈ। ਇਸ ‘ਤੇ ਅਜੇ ਸਮੀਖਿਆ ਹੋਣੀ ਬਾਕੀ ਹੈ।
ਦੱਸਿਆ ਜਾ ਰਿਹਾ ਸੀ ਕਿ ਡੇਰਾਮੁਖੀ ਨੇ 30 ਦਸੰਬਰ ਨੂੰ ਜੇਲ੍ਹ ਤੋਂ 13ਵੀਂ ਚਿੱਠੀ ਲਿਖੀ ਸੀ। ਇਹ ਪੱਤਰ 1 ਜਨਵਰੀ ਨੂੰ ਡੇਰੇ ਵਿੱਚ ਹੋਏ ਸਤਿਸੰਗ ਦੌਰਾਨ ਪੜ੍ਹ ਕੇ ਸੁਣਾਇਆ ਗਿਆ। ਇਸ ਪੱਤਰ ਵਿੱਚ ਡੇਰਾਮੁਖੀ ਨੇ ਬਾਹਰ ਆਉਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਪਰਮ ਪਿਤਾ ਪਰਮ ਆਤਮਾ ਤੁਹਾਡੀ ਜਾਇਜ਼ ਮੰਗ ਜਲਦੀ ਪੂਰੀ ਕਰੇ। ਇਸ ਵਿੱਚ ਪਿਛਲੀ ਪੈਰੋਲ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਡੇਰੇ ਦੇ ਨੇੜੇ ਰਿਹਾਇਸ਼ ਸਥਾਨਾਂ ਵਿੱਚ ਬੁਕਿੰਗ ਹੋਈ ਸ਼ੁਰੂ
ਮੀਡੀਆ ਰਿਪੋਰਟ ਮੁਕਾਬਿਕ ਡੇਰਾ ਮੁਖੀ ਦੇ ਸਿਰਸਾ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੈਰੋਕਾਰਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਡੇਰਾਮੁਖੀ ਨੂੰ ਦੇਖਣ ਅਤੇ ਸੁਣਨ ਲਈ ਪਹਿਲਾਂ ਤੋਂ ਹੀ ਪੈਰੋਕਾਰ ਆਉਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਡੇਰੇ ਦੇ ਆਸ-ਪਾਸ ਹੋਟਲਾਂ, ਧਰਮਸ਼ਾਲਾਵਾਂ ਅਤੇ ਥਾਵਾਂ ‘ਤੇ ਕਮਰਿਆਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਡੇਰੇ ਦੇ ਆਲੇ-ਦੁਆਲੇ ਦੀਆਂ ਕਾਲੋਨੀਆਂ ਵਿੱਚ ਰਹਿੰਦੇ ਪੈਰੋਕਾਰਾਂ ਦੇ ਰਿਸ਼ਤੇਦਾਰ ਵੀ ਉਨ੍ਹਾਂ ਦੇ 25 ਜਨਵਰੀ ਨੂੰ ਆਉਣ ਦੀ ਜਾਣਕਾਰੀ ਦੇ ਰਹੇ ਹਨ।
ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਬੁਲਾਰੇ ਨੇ ਜਤਿੰਦਰ ਖੁਰਾਣਾ ਨੇ ਇੱਕ ਅਖ਼ਬਾਰ ਨੂੰ ਦੱਸਿਆ ਕਿ ‘25 ਨੂੰ ਭੰਡਾਰਾ ਕਰਵਾਇਆ ਜਾਵੇਗਾ। ਇਸ ਦੀਆਂ ਤਿਆਰੀਆਂ ਮੁਕੰਮਲ ਹਨ। ਮੇਰੇ ਕੋਲ ਗੁਰੂ ਜੀ ਦੇ ਆਗਮਨ ਸੰਬੰਧੀ ਅਰਜੀ ਦੀ ਜਾਣਕਾਰੀ ਨਹੀਂ ਹੈ। ਜੇਕਰ ਅਜਿਹਾ ਕੁਝ ਹੁੰਦਾ ਹੈ, ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ।’
ਚੋਣਾਂ ਦੇ ਨੇੜੇ ਹੀ ਪੈਰੋਲ ਮਿਲੀ
ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਇਨ੍ਹਾਂ ਤੋਂ ਇਲਾਵਾ ਪਿਛਲੇ ਸਾਲ ਹੀ ਉਹ ਦੋ ਪੈਰੋਲ ਤੇ ਇੱਕ ਫਰਲੋ ਲੈ ਕੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਦੋਸ਼ੀ ਪਾਏ ਜਾਣ ਤੋਂ ਬਾਅਦ ਉਹ ਛੇ ਵਾਰ ਪੈਰੋਲ ਅਤੇ ਫਰਲੋ ‘ਤੇ ਬਾਹਰ ਆ ਚੁੱਕਾ ਹੈ। ਰਾਮ ਰਹੀਮ ਨੂੰ ਦੋ ਕਤਲ ਅਤੇ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਖ਼ਾਸ ਗੱਲ ਇਹ ਹੈ ਕਿਜਦੋਂ ਵੀ ਉਸ ਨੂੰ ਪੈਰੋਲ ਜਾਂ ਫਰਲੋ ਮਿਲੀ, ਉਸ ਸਮੇਂ ਚੋਣਾਂ ਦਾ ਮਾਹੌਲ ਹੀ ਹੁੰਦਾ ਸੀ।