Punjab

ਰਾਮ ਰਹੀਮ ਦੀ ਹਾਈ ਕੋਰਟ ਵਿੱਚ ਪਾਈ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ :  ਡੇਰਾ ਸਾਧ ਰਾਮ ਰਹੀਮ ਦੀ ਹਾਈ ਕੋਰਟ ਵਿੱਚ ਪਾਈ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਹੈ । ਰਾਮ ਰਹੀਮ ਨੇ ਆਪਣੇ ਤੇ ਜਲੰਧਰ ਵਿੱਚ ਦਰਜ ਹੋਏ ਕੇਸ ਦੇ ਚੱਲਦਿਆਂ ਹਾਈ ਕੋਰਟ ਦਾ ਰੁਖ ਕੀਤਾ ਸੀ ਤੇ ਆਹ ਪਟੀਸ਼ਨ ਅਦਾਲਤ ਵਿੱਚ ਪਾਈ ਸੀ ਕਿ ਉਸ ਦੇ ਖਿਲਾਫ਼ ਦਰਜ ਕੀਤਾ ਗਿਆ ਕੇਸ ਵਾਪਸ ਲਿਆ ਜਾਵੇ। ਜਿਸ ਤੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ ਹੈ ਤੇ ਇਸ ਮਗਰੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਅਦਾਲਤ ਵਿੱਚ ਪਾਈ ਪਟੀਸ਼ਨ ਵਿੱਚਰਾਮ ਰਹੀਮ  ਨੇ ਇਹ ਦਾਅਵਾ ਕੀਤਾ ਹੈ ਕਿ  ਜਿਸ ਵੀਡੀਓ ਨੂੰ ਆਧਾਰ ਬਣਾ ਕੇ ਇਹ ਕੇਸ ਦਰਜ ਕੀਤਾ ਗਿਆ ਹੈ,ਉਸ ਨਾਲ ਛੇੜਛਾੜ ਕੀਤੀ ਗਈ ਹੈ। ਉਸ ਨੂੰ ਪੂਰੀ ਤਰਾਂ ਦੇਖੇ ਬਿਨਾਂ ਹੀ ਐਫਆਈਆਰ ਦਰਜ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਲੰਧਰ ਦੇਹਾਤੀ ਪੁਲਿਸ ਥਾਣੇ ਵਿੱਚ ਗੁਰੂ ਰਵਿਦਾਸ ਟਾਈਗਰ ਫੋਰਸ ਨਾਂ ਦੀ ਇੱਕ ਜਥੇਬੰਦੀ ਨੇ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਨੇ 5 ਫਰਵਰੀ ਨੂੰ ਇੱਕ ਯੂਟਿਊਬ ਚੈਨਲ ਉੱਤੇ ਸਤਿਸੰਗ ਦੌਰਾਨ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਜੀ ਨਾਲ ਜੁੜੇ ਇਤਿਹਾਸ ਬਾਰੇ ਗ਼ਲਤ ਵਿਆਖਿਆ ਕੀਤੀ ਹੈ ਅਤੇ ਦੋਵੇਂ ਹਸਤੀਆਂ ਬਾਰੇ ਇਤਰਾਜ਼ਯੋਗ ਗੱਲਾਂ ਕੀਤੀਆਂ ਹਨ।

ਹਾਲਾਂਕਿ ਡੇਰੇ ਵੱਲੋਂ ਬਿਆਨ ਜਾਰੀ ਕਰਕੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਸੀ ਤੇ ਸਾਧ ਨੇ ਇਸ ਕੇਸ ਨੂੰ ਰੱਦ ਕਰਵਾਉਣ ਦੇ ਲਈ ਉੱਚ ਅਦਾਲਤ ਦਾ ਰੁਖ ਕੀਤਾ ਸੀ । ਜਿਸ ਦੀ ਸੁਣਵਾਈ ਮਗਰੋਂ ਇਹ ਫੈਸਲਾ ਆਇਆ ਹੈ।