India

ਬੇਕਾਬੂ ਬੋਲੈਰੋ ਨੇ ਤਿੰਨ ਬਾਈਕ ਸਵਾਰਾਂ ਦਾ ਕੀਤਾ ਇਹ ਹਾਲ ,ਬੱਚਾ ਗੰਭੀਰ ਜ਼ਖ਼ਮੀ

Uncontrolled bolero hit bikers, 3 including husband and wife died, child injured

ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿਚੋਂ ਇਕ ਤੇਜ਼ ਰਫ਼ਤਾਰ ਬੋਲੈਰੋ ਦੇ ਕਹਿਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੋਲੈਰੋ ਕਾਰ ਨੇ ਬਾਈਕ ਸਵਾਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਅੱਠ ਸਾਲਾ ਬੱਚੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਨੂੰ ਕੁਚਲਣ ਤੋਂ ਬਾਅਦ ਬੋਲੈਰੋ ਗੱਡੀ ਸੜਕ ‘ਤੇ ਹੀ ਪਲਟ ਗਈ। ਇਹ ਘਟਨਾ ਲਲੌਲੀ ਥਾਣਾ ਖੇਤਰ ਦੇ ਪਿੰਡ ਸਿਧਾਂਵ ਨੇੜੇ ਵਾਪਰੀ।
ਜਾਣਕਾਰੀ ਮੁਤਾਬਕ ਜਾਫਰਗੰਜ ਥਾਣਾ ਖੇਤਰ ਦੇ ਗੜ੍ਹੀ ਪਿੰਡ ਦਾ ਰਹਿਣ ਵਾਲਾ 25 ਸਾਲਾ ਨਾਜ਼ਿਮ ਆਪਣੀ ਪਤਨੀ ਸੁਹਾਨਾ ਨੂੰ ਲੈਣ ਲਈ ਆਪਣੇ ਸਹੁਰੇ ਪਿੰਡ ਦਤੌਲੀ ਗਿਆ ਸੀ।

ਪਤਨੀ ਸੁਹਾਨਾ ਆਪਣੀ 8 ਸਾਲਾ ਛੋਟੀ ਭੈਣ ਸਾਹੀਨਾ ਅਤੇ 11 ਸਾਲਾ ਚਚੇਰੇ ਭਰਾ ਅਤੀਕ ਸਮੇਤ ਬੀਤੀ ਰਾਤ ਆਪਣੇ ਪਤੀ ਨਾਲ ਮੋਟਰ ਸਾਈਕਲ ‘ਤੇ ਪਰਤ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬੋਲੈਰੋ ਕਾਰ ਨੇ ਟੱਕਰ ਮਾਰ ਦਿੱਤੀ।

ਗੱਡੀ ਸਾਰਿਆਂ ਨੂੰ ਕੁਚਲ ਕੇ ਸੜਕ ‘ਤੇ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 25 ਸਾਲਾ ਨਾਜ਼ਿਮ, 22 ਸਾਲਾ ਸੁਹਾਨਾ ਅਤੇ ਉਸ ਦੇ 11 ਸਾਲਾ ਚਚੇਰੇ ਭਰਾ ਅਤੀਕ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ 8 ਸਾਲਾ ਬੱਚੀ ਨੂੰ ਗੰਭੀਰ ਹਾਲਤ ‘ਚ ਕਾਨਪੁਰ ਦੇ ਹਾਲਟ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਬੋਲੈਰੋ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਅਵਧੇਸ਼ ਮਿਸ਼ਰਾ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਚਾਰ ਗੰਭੀਰ ਜ਼ਖ਼ਮੀ ਮਰੀਜ਼ ਆਏ ਸਨ, ਜਿਨ੍ਹਾਂ ਵਿਚ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇੱਕ ਬੱਚੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਕਾਨਪੁਰ ਦੇ ਹਾਲਟ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।