India Punjab

ਸਰਕਾਰ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨਹੀਂ ਖਾਧਾ ‘ਸਰਕਾਰੀ ਖਾਣਾ, ਭੂੰਝੇ ਬੈਠ ਛਕਿਆ ‘ਗੁਰੂ ਕਾ ਲੰਗਰ’

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਚੱਲੋ ਅੰਦੋਲਨ ਪੂਰੇ ਸਿਖ਼ਰ ’ਤੇ ਹੈ ਅਤੇ ਕਿਸਾਨਾ ਆਗੂਆਂ ਦੀ ਹੁਣ ਸਰਕਾਰ ਨਾਲ ਤਲਖ਼ੀ ਵਧਦੀ ਨਜ਼ਰ ਆ ਰਹੀ ਹੈ। ਅੱਜ ਚੌਥੇ ਗੇੜ ਦੀ ਬੈਠਕ ਦੌਰਾਨ ਜਦੋਂ ਲੰਚ ਦਾ ਸਮਾਂ ਆਇਆ ਤਾਂ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਪੇਸ਼ ਕੀਤਾ ਦੁਪਹਿਰ ਦਾ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ, ਬਲਕਿ ਉਨ੍ਹਾਂ ਭੂੰਝੇ ਬੈਠ ਕੇ ਗੁਰੂ ਕਾ ਲੰਗਰ ਛਕਿਆ ਜੋ ਉਨ੍ਹਾਂ ਦੇ ਸਾਥੀਆਂ ਵੱਲੋਂ ਭੇਜੀ ਇੱਕ ਵੈਨ ’ਚ ਵਿਗਿਆਨ ਭਵਨਲਿਆਂਦਾ ਗਿਆ ਸੀ।

ਲੋਕ ਸੰਘਰਸ਼ ਮੋਰਚਾ ਦੀ ਪ੍ਰਧਾਨ ਪ੍ਰਤਿਭਾ ਸ਼ਿੰਦੇ ਨੇ ਕਿਹਾ, ‘ਸਾਡੇ ਕਿਸਾਨ ਪ੍ਰਤੀਨਿਧੀਆਂ ਨੇ ਸਰਕਾਰ ਵੱਲੋਂ ਪੇਸ਼ਕਸ਼ ਕੀਤੇ ਭੋਜਨ ਨੂੰ ਮੂੰਹ ਨਹੀਂ ਲਾਇਆ। ਇਸ ਦੀ ਬਜਾਏ ਅਸੀਂ ਸਿੰਘੂ ਬਾਰਡਰ ਤੋਂ ਆਪਣੇ ਲਈ ਖਾਣਾ ਮੰਗਵਾ ਲਿਆ।’

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਲਈ ਚੰਗੀ ਮਹਿਮਾਨਨਿਵਾਜ਼ੀ ਵਿਖਾਉਣ ਦੀ ਬਜਾਏ ਕਿਸਾਨਾਂ ਦੇ ਮੁੱਦੇ ਹੱਲ ਕਰਨ ’ਤੇ ਆਪਣਾ ਧਿਆਨ ਜ਼ਿਆਦਾ ਕੇਂਦਰਤ ਕਰਨਾ ਚਾਹੀਦਾ ਹੈ। ਸ਼ਿੰਦੇ ਨੇ ਕਿਹਾ, ‘ਅਸੀਂ ਸਰਕਾਰ ਦੇ ਦਿੱਤੇ ਪਕਵਾਨ ਕਿਸ ਤਰ੍ਹਾਂ ਖਾ ਸਕਦੇ ਹਾਂ ਜਦੋਂ ਸਾਡੇ ਕਿਸਾਨ ਭਰਾ ਸੜਕਾਂ ’ਤੇ ਸੰਘਰਸ਼ ਕਰ ਰਹੇ ਹਨ।’

ਪਿਛਲੇ 8 ਦਿਨਾਂ ਤੋਂ ਹਜ਼ਾਰਾਂ ਕਿਸਾਨ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਖੇਤੀ ਕਾਨੂੰਨਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਵਿਗਿਆਨ ਭਵਨ ’ਚ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਕਾਮਰਸ ਰਾਜ ਮੰਤਰੀ ਸੋਮ ਪ੍ਰਕਾਸ਼ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ।