India Sports

ਡੋਪ ਟੈਸਟ ਲਈ ਸੈਂਪਲ ਨਾ ਦੇਣ ’ਤੇ ਬਜਰੰਗ ਪੂਨੀਆ ਮੁਅੱਤਲ

ਕੌਮੀ ਡੋਪਿੰਗ ਰੋਕੂ ਏਜੰਸੀ (ਐੱਨਏਡੀਏ/ਨਾਡਾ) ਨੇ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਨਾਂਹ ਕਰਨ ’ਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ ਜਿਸ ਨਾਲ ਉਸ ਦੀ ਓਲੰਪਿਕ ਲਈ ਦਾਅਵੇਦਾਰੀ ਖੁੱਸਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਨਾਡਾ ਦਾ ਇਹ ਹੁਕਮ 10 ਮਾਰਚ ਨੂੰ ਸੋਨੀਪਤ ’ਚ ਚੋਣ ਟਰਾਇਲ ਦੌਰਾਨ ਪੂਨੀਆ ਵੱਲੋਂ ਪਿਸ਼ਾਬ ਦਾ ਨਮੂਨਾ ਜਮ੍ਹਾਂ ਕਰਵਾਉਣ ’ਚ ਨਾਕਾਮ ਰਹਿਣ ਮਗਰੋਂ ਸਾਹਮਣੇ ਆਇਆ ਹੈ। ਏਜੰਸੀ ਨੇ ਪੂਨੀਆ ਤੋਂ ਪਿਸ਼ਾਬ ਦਾ ਸੈਂਪਲ ਦੇਣ ਤੋਂ ਇਨਕਾਰ ਕਰਨ ਦੇ ਮਾਮਲੇ ’ਚ 7 ਮਈ ਤੱਕ ਲਿਖਤੀ ਸਪੱਸ਼ਟੀਕਰਨ ਮੰਗਿਆ ਹੈ।

ਇਸ ਮਾਮਲੇ ‘ਤੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਹੈ ਕਿ ਉਸ ਨੇ ਕਦੇ ਵੀ ਨਾਡਾ ਅਧਿਕਾਰੀਆਂ ਨੂੰ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ। ਬਜਰੰਗ ਪੁਨੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਮੈਂ ਕਦੇ ਵੀ ਨਾਡਾ ਅਧਿਕਾਰੀਆਂ ਨੂੰ ਸੈਂਪਲ ਦੇਣ ਤੋਂ ਇਨਕਾਰ ਨਹੀਂ ਕੀਤਾ।

ਪੁਰਾਣੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬਜਰੰਗ ਪੂਨੀਆ ਨੇ ਕਿਹਾ, “ਮੈਂ ਉਨ੍ਹਾਂ ਬੇਨਤੀ ਕੀਤੀ ਕਿ ਉਹ ਮੈਨੂੰ ਜਵਾਬ ਦੇਣ ਕਿ ਉਸਨੇ ਮੇਰੇ ਸੈਂਪਲ ਲੈਣ ਲਈ ਜੋ ਐਕਸਪਾਇਰੀ ਕਿੱਟ ਲਿਆਂਦੀ ‘ਤੇ ਕੀ ਕਦਮ ਚੁੱਕੇ ਜਾਂ ਕੀ ਕਾਰਵਾਈ ਕੀਤੀ।” “ਉਸਦਾ ਜਵਾਬ ਦਿਓ ਅਤੇ ਫਿਰ ਮੇਰਾ ਡੋਪ ਟੈਸਟ ਕਰੋ।” ਮੇਰੇ ਵਕੀਲ ਵਿਦੁਸ਼ ਸਿੰਘਾਨੀਆ ਇਸ ਪੱਤਰ ਦਾ ਸਮਾਂ ਆਉਣ ‘ਤੇ ਜਵਾਬ ਦੇਣਗੇ।