India Khaas Lekh Punjab

ਵਿਸ਼ਵ ਪੀਜ਼ਾ ਦਿਵਸ ’ਤੇ ਵਿਸ਼ੇਸ਼: ਕਿਸਾਨ ਅੰਦੋਲਨ ਵਿੱਚ ‘ਪਰਸ਼ਾਦੇ’ ਤੋਂ ‘ਪੀਜ਼ੇ’ ਤੱਕ ਦਾ ਸਫ਼ਰ

’ਦ ਖ਼ਾਲਸ ਬਿਊਰੋ: ਅੱਜ ਦੁਨੀਆ ਭਰ ਵਿੱਚ ‘ਵਿਸ਼ਵ ਪੀਜ਼ਾ ਦਿਵਸ’ ਮਨਾਇਆ ਜਾ ਰਿਹਾ ਹੈ। ਇਹ ਦਿਨ ਹਰ ਸਾਲ 9 ਫਰਵਰੀ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਦਿਹਾਤੀ ਖੇਤਰਾਂ ਵਿੱਚ ਸ਼ਾਇਦ ਹੀ ਕਿਸੇ ਨੂੰ ਇਸ ਦਿਨ ਬਾਰੇ ਪਤਾ ਹੋਵੇ, ਪਰ ਅੱਜਕਲ੍ਹ ਪੀਜ਼ੇ ਕਾਫੀ ਪਸੰਦ ਕੀਤੇ ਜਾ ਰਹੇ ਹਨ। ਪੰਜਾਬ ਦੇ ਪਿੰਡਾਂ ਵਿੱਚ ਵੀ ਪੀਜ਼ਿਆਂ ਦੀ ਲੋਕਪ੍ਰਿਅਤਾ ਵੱਧ ਰਹੀ ਹੈ। ਖ਼ਾਸ ਕਰ ਕੇ ਦਿੱਲੀ ਦੀਆਂ ਸਰਹੱਦਾਂ ’ਤੇ, ਜਿੱਥੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਦੇ ਤਿੰਨ ਬਿੱਲਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। 

ਸਮਾਂ ਬੀਤਣ ਦੇ ਨਾਲ-ਨਾਲ ਲੋਕਾਂ ਦੀ ਜੀਵਨ-ਸ਼ੈਲੀ ਵੀ ਬਦਲਦੀ ਹੈ। ਖਾਣ-ਪੀਣ, ਰਹਿਣ-ਸਹਿਣ, ਉੱਠਣ-ਬੈਠਣ, ਆਦਿ ਵਿੱਚ ਬਦਲਾਅ ਆਉਂਦਾ ਹੈ। ਕਦੀ ਪਿੰਡਾਂ ਵਿੱਚ ਬੱਚੇ ਰੋਟੀਆਂ ਦੇ ਭੁੱਕੇ ਬਣਾ ਕੇ ਖਾਂਦੇ ਨਜ਼ਰ ਆਉਂਦੇ ਸਨ, ਪਰ ਉਹ ਸਮਾਂ ਬੀਤ ਗਿਆ। ਹੁਣ, ਅੱਜਕੱਲ੍ਹ ਦੇ ਬੱਚੇ ਅਤੇ ਨੌਜਵਾਨ ਹੋਟਲਾਂ-ਰੇਸਤਰਾਂ ਵਿੱਚ ਬਰਗਰ-ਪੀਜ਼ੇ ਖਾਂਦੇ ਨਜ਼ਰ ਆਉਂਦੇ ਹਨ, ਨਾਲ ਬੱਤੇ ਵੀ ਚੱਲਦੇ ਹਨ। ਭਾਵੇਂ ਇਸ ਤਰ੍ਹਾਂ ਦੇ ਫਾਸਟ-ਫੂਡ ਜਾਂ ਜੰਕ-ਫੂਡ ਦਾ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ, ਫਿਰ ਵੀ ਨੌਜਵਾਨਾਂ ਵਿੱਚ ਪੀਜ਼ਿਆਂ ਦਾ ਰੁਝਾਨ ਕਾਫੀ ਵੱਧ ਰਿਹਾ ਹੈ।

ਖੇਤਾਂ ਵਿੱਚ ਕਣਕ ਉਗਾਉਣ ਵਾਲਾ ਕਿਸਾਨ ਜਿੱਥੇ ਪਹਿਲਾਂ ਰੋਟੀ ਨਾਲ ਢਿੱਡ ਭਰਦਾ ਸੀ, ਉਸ ਲਈ ਨੌਜਵਾਨਾਂ ਨੇ ਪੀਜ਼ਿਆਂ ਦੇ ਲੰਗਰ ਲਾ ਦਿੱਤੇ। ਦੇਖਿਆ ਜਾਵੇ ਜਾਂ ਪੀਜ਼ਾ ਕਣਕ ਤੋਂ ਹੀ ਬਣਦਾ ਹੈ। ਉੱਪਰ ਭਾਂਤ-ਭਾਂਤ ਦੀਆਂ ਸਬਜ਼ੀਆਂ ਦੀ ਜੋ ‘ਟੌਪਿੰਗ’ ਕੀਤੀ ਜਾਂਦੀ ਹੈ, ਉਹ ਵੀ ਕਿਸਾਨ ਦੇ ਖੇਤਾਂ ਦੀ ਹੀ ਉਪਜ ਹੈ। ਕੁੱਲ ਮਿਲਾ ਕੇ ਪੀਜ਼ਾ ਕਿਸਾਨ ਦਾ ਹੀ ਉਤਪਾਦ ਹੈ। 

ਪਰ ਸ਼ਾਇਦ ਸ਼ਹਿਰਾਂ ਵਿੱਰ ਰਹਿਣ ਵਾਲੇ ਬਾਬੂਆਂ ਨੂੰ ਪੀਜ਼ਾ ਦੇ ‘ਰਾਅ ਮਟੀਰੀਅਲ’ ਬਾਰੇ ਜਾਣਕਾਰੀ ਨਹੀਂ। ਇਸ ਲਈ ਜਦੋਂ ਸੋਸ਼ਲ ਮੀਡੀਆ ਜ਼ਰੀਏ ਸ਼ਹਿਰਾਂ ਵਿੱਚ ਕਿਸਾਨਾਂ ਦੇ ਪੀਜ਼ੇ ਖਾਣ ਦੀ ਭਿਣਕ ਪਈ ਤਾਂ ਇਹ ਗੱਲ ਸ਼ਹਿਰੀ ਬਾਬੂਆਂ ਨੂੰ ਹਜ਼ਮ ਨਹੀਂ ਹੋਈ। ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਗਏ ਕਿ ਅੰਦੋਲਨਕਾਰੀ ਤਾਂ ਪੀਜ਼ੇ ਖਾ ਰਹੇ ਹਨ, ਇਸ ਲਈ ਇਹ ਕਿਸਾਨ ਹੋ ਹੀ ਨਹੀਂ ਸਕਦੇ। 

ਸ਼ਾਇਦ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਇੱਕ ਧੋਤੀ ਪਹਿਨੇ ਗ਼ਰੀਬ ਕਿਸਾਨ ਤੱਕ ਹੀ ਸੀਮਤ ਹੈ। ਇਸ ਲਈ ਉਨ੍ਹਾਂ ਨੂੰ ਕਿਸਾਨਾਂ ਵੱਲੋਂ ਪੀਜ਼ੇ ਖਾਣ ਦੀ ਗੱਲ ਕੁਝ ਅਟਪਟੀ ਲੱਗੀ। ਉਨ੍ਹਾਂ ਦ ਮਾਨਸਿਕਤਾ ਮੁਤਾਬਕ ਸ਼ਾਇਦ ਪੀਜ਼ਾ ਮਹਿੰਗੇ ਹੋਟਲਾਂ-ਰੇਸਤਰਾਂ ਦੀ ਟੇਬਲ ’ਤੇ ਹੀ ਪਰੋਸਿਆ ਜਾ ਸਕਦਾ ਹੈ। 

ਸਿਰਫ਼ ਸੋਸ਼ਲ ਮੀਡੀਆ ਹੀ ਨਹੀਂ, ਇੱਥੋਂ ਤਕ ਹੀ ਭਾਰਤ ਦੇ ਕੌਮੀ ਖ਼ਬਰੀਆ ਚੈਨਲਾਂ ’ਤੇ ਵੀ ਕਿਸਾਨਾਂ ਦੇ ਪੀਜ਼ਿਆਂ ’ਤੇ ਸਵਾਲ ਚੁੱਕੇ ਗਏ। ਕਥਿਤ ‘ਗੋਦੀ ਮੀਡੀਆ’ ਦੇ ਇਨ੍ਹਾਂ ਚੈਨਲਾਂ ਦੇ ਐਂਕਰਾਂ ਨੂੰ ਕਿਸਾਨਾਂ ਦੇ ਪੀਜ਼ਿਆਂ ’ਤੇ ਬੇਹੱਦ ਹੈਰਾਨੀ ਮਹਿਸੂਸ ਹੋਈ।

ਹੋ ਸਕਦਾ ਹੈ ਕਿ ਮੀਡੀਆ ਨੂੰ ਇਹ ਭੁਲੇਖਾ ਹੋਵੇ ਕਿ ਮਿੱਟੀ ਨਾਲ ਮਿੱਟੀ ਰਲਿਆ ਕਿਸਾਨ ਪੀਜ਼ੇ ਤਕ ਕਿਵੇਂ ਪਹੁੰਚ ਸਕਦਾ ਹੈ, ਪਰ ਮੀਡੀਆ ਇਹ ਭੁੱਲ ਗਿਆ ਕਿ ਪੀਜ਼ੇ ਹੇਠਾਂ ਰੱਖੇ ਜਾਂਦੇ ਬੇਸ, ਚਾਹੇ ਕਣਕ ਹੋਵੇ ਜਾਂ ਮੈਦਾ, ਉਹ ਵੀ ਕਿਸਾਨ ਹੀ ਪੈਦਾ ਕਰਦਾ ਹੈ।

ਮੀਡੀਆ ਨੂੰ ਵੀ ਆਪਣੀ ਨਜ਼ਰ ਤੋਂ ਪਹਿਲਾਂ ਨਜ਼ਰੀਏ ਵਿੱਚ ਸੁਧਾਰ ਕਰਨਾ ਚਾਹੀਦਾ ਹੈ।