Punjab

ਜੇਲ੍ਹ ‘ਚ ਬੈਠੇ ਧਰਮਸੋਤ ਇੱਕ ਹੋਰ ਮਾਮਲੇ ਚ ਬੁਰੀ ਤਰ੍ਹਾਂ ਫਸੇ ! ਵਿਜੀਲੈਂਸ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਪਤਨੀ ਦਾ 500 ਗਜ ਦੇ ਪਲਾਟ ਦੀ ਜਾਣਕਾਰੀ ਲੁਕਾਈ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਜੇਲ੍ਹ ਵਿੱਚ ਬੈਠੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਇੱਕ ਹੋਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਵੱਲੋਂ ਚੋਣ ਕਮਿਸ਼ਨ ਨੂੰ 2022 ਦੀਆਂ ਚੋਣਾਂ ਵਿੱਚ ਧਰਮਸੋਤ ਵੱਲੋਂ ਆਪਣੇ ਇੱਕ ਪਲਾਟ ਦੀ ਜਾਣਕਾਰੀ ਲੁਕਾਉਣ ਦੀ ਸ਼ਿਕਾਇਤ ਭੇਜੀ ਹੈ। ਧਰਮਸੋਤ ਖਿਲਾਫ਼ ਚੱਲ ਰਹੀ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਈ ਹੈ। ਧਰਮਸੋਤ ਨਾਭਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਸਨ।

ਪਤਨੀ ਦੇ ਨਾਂ ‘ਤੇ ਪਲਾਟ ਦੀ ਜਾਣਕਾਰੀ ਲੁਕਾਈ

ਵਿਜੀਲੈਂਸ ਬਿਊਰੋ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਧਰਮਸੋਤ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਚੱਲ ਰਹੀ ਸੀ ਤਾਂ ਸਾਹਮਣੇ ਆਇਆ ਹੈ ਕਿ ਮੁਹਾਲੀ ਦੇ ਸੈਕਟਰ 80 ਵਿੱਚ ਧਰਮਸੋਤ ਦਾ 500 ਗੱਜ ਦਾ ਇੱਕ ਪਲਾਟ ਹੈ। ਇਹ ਉਨ੍ਹਾਂ ਦੀ ਪਤਨੀ ਸ਼ੀਲਾ ਦੇਵੀ ਦੇ ਨਾਂ ‘ਤੇ ਹੈ ਜੋ 2021 ਵਿੱਚ ਖਰੀਦਿਆ ਗਿਆ ਸੀ। ਗਮਾਡਾ ਦੇ ਰਿਕਾਰਡ ਮੁਤਾਬਿਕ 31 ਜਨਵਰੀ 2022 ਤੱਕ ਉਹ ਇਸ ਮਕਾਨ ਦੀ ਮਾਲਿਕ ਸੀ। 2 ਮਾਰਚ ਨੂੰ ਇਹ ਪਲਾਟ ਰਾਜਕੁਮਾਰ ਅਤੇ ਕਸ਼ਮੀਰ ਸਿੰਘ ਨਾਂ ਦੇ ਸ਼ਖ਼ਸ ਨੇ ਖਰੀਦ ਲਿਆ ਸੀ। ਵਿਜੀਲੈਂਸ ਮੁਤਾਬਿਕ ਧਰਮਸੋਤ ਨੇ ਨਾਮਜ਼ਦਗੀ ਵਿੱਚ ਪਤਨੀ ਦੀ ਪ੍ਰਾਪਰਟੀ ਦੀ ਜਾਣਕਾਰੀ ਲੁਕਾਈ ਸੀ। ਇਸ ਨਾਲ ਧਰਮਸੋਤ ਨੇ ਰੀਪ੍ਰੈਜੇਂਟੇਸ਼ਨ ਆਫ ਦੀ ਪੀਪਲਜ਼ ਐਕਟ 1951 ਦੇ ਸੈਕਸ਼ਨ 125A ਤਹਿਤ ਜੁਰਮ ਕੀਤਾ ਹੈ।

ਇਸ ਮਾਮਲੇ ‘ਚ ਜੇਲ੍ਹ ਗਏ ਸਾਧੂ ਸਿੰਘ ਧਰਮਸੋਤ

ਸਾਧੂ ਸਿੰਘ ਧਰਮਸੋਤ ਇਸ ਵਕਤ ਨਾਭਾ ਜੇਲ੍ਹ ਵਿੱਚ ਬੰਦ ਹਨ। ਜੰਗਲਾਤ ਮੰਤਰੀ ਰਹਿੰਦੇ ਹੋਏ ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਦਰੱਖਤਾਂ ਦੀ ਕਟਾਈ ਵਿੱਚ ਧਰਮਸੋਤ ਨੇ ਕਮਿਸ਼ਨ ਖਾਧੀ ਸੀ। ਵਿਜੀਲੈਂਸ ਨੇ ਜਾਂਚ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਸੀ। ਧਰਮਸੋਤ ਦੀ ਮੁਹਾਲੀ ਕੋਰਟ ਤੋਂ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਨੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਹੈ।