Lifestyle Punjab

ਮਾਨ ਦੇ ਹਲਕੇ ‘ਚ ਸਿਹਤ ਸੁਵਿਧਾਵਾਂ ਦੀ ਖੁੱਲ੍ਹੀ ਪੋਲ, ਵੱਡੇ ਕੈਂਸਰ ਹਸਪਤਾਲ ਵੱਲੋਂ ਇਲਾਜ ਨਾ ਕਰਨ ਦੀ ਚਿਤਾਵਨੀ

ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਬਾ ਸਰਕਾਰ ਨੇ ਹੁਣ ਤੱਕ ਨਹੀਂ ਜਮ੍ਹਾਂ ਕਰਵਾਏ 10 ਕਰੋੜ ਬਕਾਇਆ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸਿਹਤ ਸੁਵਿਧਾਵਾਂ ਨੂੰ ਸੁਧਾਰਨ ਦੇ ਲਈ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਤੋਂ ਕੁੱਝ ਹੀ ਦੂਰੀ ‘ਤੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਸੰਗਰੂਰ ਵਿੱਚ ਕੈਂਸਰ ਦੇ ਸਭ ਤੋਂ ਵੱਡੇ ਹਸਪਤਾਲ ਹੋਮੀ ਬਾਬਾ ਕੈਂਸਰ ਹਸਪਤਾਲ ਨੇ ਆਯੂਸ਼ਮਾਨ ਭਾਰਤ ਸਕੀਮ ਅਧੀਨ ਮਰੀਜ਼ਾਂ ਦਾ ਇਲਾਜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਹਸਪਤਾਲ ਦਾ ਕਹਿਣਾ ਹੈ ਕਿ ਇਸ ਯੋਜਨਾ ਅਧੀਨ ਸੂਬਾ ਸਰਕਾਰ ਵੱਲੋਂ 10 ਕਰੋੜ ਬਕਾਇਆ ਹੈ ਜੇਕਰ ਅਦਾਇਗੀ ਨਹੀਂ ਹੋਈ ਤਾਂ ਉਨ੍ਹਾਂ ਨੂੰ ਆਯੂਸ਼ਮਾਨ ਸਕੀਨ ਅਧੀਨ ਇਲਾਜ ਬੰਦ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ PGI ਨੇ ਵੀ ਇਹ ਇਲਜ਼ਾਮ ਲਗਾਉਂਦੇ ਹੋਏ ਆਯੂਸ਼ਮਾਨ ਭਾਰਤ ਸਕੀਮ ਅਧੀਨ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

3 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਇਆ

ਆਯੂਸ਼ਮਾਨ ਭਾਰਤ ਸਕੀਮ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਆਪੋ ਆਪਣੇ ਹਿੱਸੇ ਦਾ ਪੈਸਾ ਪਾਉਂਦੀ ਹੈ। ਇਸ ਸਕੀਮ ਅਧੀਨ ਗਰੀਬ ਪਰਿਵਾਰ 5 ਲੱਖ ਦਾ ਇਲਾਜ ਫ੍ਰੀ ਵਿੱਚ ਲੈ ਸਕਦਾ ਹੈ। ਹੋਮੀ ਬਾਬਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾਕਟਰ ਜੇਵੀ ਦਾਇਵਾਤਿਆ ਮੁਤਾਬਿਕ ਫੰਡ ਨਾ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਸਮੇਂ ਸਿਰ ਆਯੂਸ਼ਮਾਨ ਭਾਰਤ ਦਾ ਬਕਾਇਆ ਪੈਸਾ ਨਹੀਂ ਆਇਆ ਤਾਂ ਸਾਨੂੰ ਸਖ਼ਤ ਫੈਸਲਾ ਲੈਣਾ ਹੋਵੇਗਾ। ਹੋਮੀ ਬਾਬਾ ਕੈਂਸਰ ਹਸਪਤਾਲ ਟਾਟਾ ਮੈਮੋਰੀਅਲ ਸੈਂਟਰ ਅਧੀਨ ਕੰਮ ਕਰਦਾ ਹੈ। ਸਾਲ 2020 ਵਿੱਚ ਹਸਪਤਾਲ ਨੂੰ ਆਯੂਸ਼ਮਾਨ ਸਕੀਮ ਅਧੀਨ ਲਿਆ ਗਿਆ ਸੀ। ਹੁਣ ਤੱਕ ਇਸੇ ਸਕੀਮ ਅਧੀਨ ਹਸਪਤਾਲ ਵੱਲੋਂ 3,300 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਉੱਧਰ ਹਸਪਤਾਲ ਦੇ ਅੰਦਰ ਮਰੀਜ਼ਾਂ ਦਾ ਕਹਿਣਾ ਹੈ ਕਿ ਜੇਕਰ ਸੂਬਾ ਸਰਕਾਰ ਨੇ ਸਮੇਂ ਸਿਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਨੂੰ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਹਸਪਤਾਲ ਦਾ ਬਕਾਇਆ ਦੇਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਇਲਾਜ ਚੱਲਦਾ ਰਹੇ। ਉੱਧਰ ਸੰਗਰੂਰ ਦੀ ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ ਨੇ ਕਿਹਾ ਹੈ ਕਿ ਅਧਿਕਾਰੀ ਇਸ ਗੱਲ ਤੋਂ ਜਾਣੂ ਹਨ ਅਤੇ ਸਰਕਾਰ ਨੇ ਹਸਪਤਾਲ ਨੂੰ ਫੰਡ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਹਨ।