Punjab

ਬੇਰੀਆਂ ਖਾਣ ਗਏ ਮਾਸੂਮ ਹੋਏ ਮੌਤ ਦਾ ਸ਼ਿਕਾਰ,ਰੇਲਵੇ ਟਰੈਕ ‘ਤੇ ਹੋਇਆ ਹਾਦਸਾ

ਕੀਰਤਪੁਰ ਸਾਹਿਬ : ਐਤਵਾਰ ਨੂੰ ਛੁੱਟੀ ਦਾ ਦਿਨ ਪੰਜਾਬ ਦੇ ਕੀਰਤਪੁਰ ਸਾਹਿਬ ਇਲਾਕੇ ਵਿੱਚ ਰਹਿੰਦੇ ਕੁੱਝ ਪ੍ਰਵਾਸੀਆਂ ਤੇ ਕਹਿਰ ਬਣ ਕੇ ਟੁੱਟਿਆ ਹੈ ਜਦੋਂ ਇਹਨਾਂ ਪਰਿਵਾਰਾਂ ਦੇ ਤਿੰਨ ਮਾਸੂਮ ਬੱਚੇ ਰੇਲਗੱਡੀ ਦੀ ਲਪੇਟ ਵਿੱਚ ਆ ਜਾਣ ਕਾਰਨ ਮਾਰੇ ਗਏ।

ਪੰਜਾਬ ‘ਚ ਕੀਰਤਪੁਰ ਸਾਹਿਬ ਦੇ ਨੇੜੇ ਲੋਹਟ ਪੁਲ ਤੇ ਵੱਡਾ ਰੇਲ ਹਾਦਸਾ ਵਾਪਰਿਆ ਹੈ,ਜਿਸ ਵਿੱਚ ਤਿੰਨ ਛੋਟੇ ਬੱਚਿਆਂ ਦੀ ਰੇਲ ਗੱਡੀ ਦੀ ਲਪੇਟ ਵਿੱਚ ਆ ਕੇ ਮੌਤ ਹੋ ਗਈ ਹੈ। ਦਰਅਸਲ ਐਤਵਾਰ ਦਾ ਦਿਨ ਹੋਣ ਕਾਰਨ ਬੱਚਿਆਂ ਨੂੰ ਛੁੱਟੀ ਸੀ ਤੇ ਉਹ ਇਸ ਪਾਸੇ ਪੁੱਲ ਪਾਰ ਕੇ ਬੇਰੀਆਂ ਤੋੜਨ ਆਏ ਸਨ।

ਪੁੱਲ ਦੇ ਇੱਕ ਪਾਸੇ ਤੇਜ ਨਹਿਰ ਵਗਦੀ ਹੋਣ ਕਾਰਨ ਆਵਾਜ਼ ਜਿਆਦਾ ਸੀ,ਜਿਸ ਕਾਰਨ ਬੇਰੀਆਂ ਤੋੜਦੇ ਬੱਚਿਆਂ ਨੂੰ ਰੇਲ ਦੇ ਆਉਣ ਦਾ ਅੰਦਾਜ਼ਾ ਨਹੀਂ ਹੋਇਆ। ਜਦੋਂ ਰੇਲ ਉਹਨਾਂ ਦੇ ਆਨ ਕੋਲ ਆ ਗਈ ਤਾਂ ਉਦੋਂ ਉਹ ਬਚਾਅ ਲਈ ਆਸੇ ਪਾਸੇ ਦੌੜੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਇਹ ਚਾਰੇ ਬੱਚੇ ਗੱਡੀ ਦੀ ਲਪੇਟ ‘ਚ ਆ ਗਏ ਸਨ।

ਮੌਕੇ ਦੇ ਗਵਾਹਾਂ ਦੇ ਅਨੁਸਾਰ ਇਹਨਾਂ ਵਿਚੋਂ 2 ਬੱਚਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ,ਜਦੋਂ ਕਿ ਇੱਕ ਬੱਚੇ ਨੇ ਹਸਪਤਾਲ ਜਾਂਦੇ ਹੋਏ ਰਾਹ ਵਿੱਚ ਹੀ ਦਮ ਤੋੜ ਦਿਤਾ। ਇਸ ਤੋਂ ਇਲਾਵਾ ਚੋਥੇ ਬੱਚੇ ਦਾ ਬਚਾਅ ਹੋ ਗਿਆ ਹੈ,ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਹ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।

ਇਸ ਅਚਾਨਕ ਵਾਪਰੇ ਹਾਦਸੇ ਨੇ 3 ਬੱਚਿਆਂ ਦੀ ਜਾਨ ਲੈ ਲਈ ਹੈ ਤੇ ਇਹਨਾਂ ਦੀ ਇਸ ਤਰਾਂ ਨਾਲ ਹੋਈ ਦਰਦਨਾਕ ਮੌਤ ਮਗਰੋਂ ਹਾਦਸੇ ਦੇ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ‘ਤੇ ਦੁੱਖ ਜਤਾਇਆ ਹੈ। ਇੱਕ ਟਵੀਟ ਕਰਦਿਆਂ ਉਹਨਾਂ ਲਿਖਿਆ ਹੈ ਕਿ ਇਸ ਬਹੁਤ ਹੀ ਦੁਖਦਾਈ ਘਟਨਾ ਵਿੱਚ ਕੀਰਤਪੁਰ ਸਾਹਿਬ ਵਿੱਚ ਹੋਏ ਰੇਲ ਹਾਦਸੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਸਬੰਧ ਵਿੱਚ ਜਾਂਚ ਦੇ ਹੁਕਮ ਦੇ ਦਿੱਤੇ ਹਨ।ਉਹਨਾਂ ਦੁਖੀ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਵੀ ਜਤਾਈ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਘਟਨਾ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ ਤੇ ਟਵੀਟ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ ਸ੍ਰੀ ਕੀਰਤਪੁਰ ਸਾਹਿਬ ਨੇੜੇ ਅੱਜ ਇੱਕ ਯਾਤਰੀ ਰੇਲਗੱਡੀ ਵੱਲੋਂ 4 ਬੱਚਿਆਂ ਨੂੰ ਕੁਚਲਣ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ, ਜਿਸ ਕਾਰਨ 3 ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉਹਨਾਂ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ ਤੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।