Punjab

ਬਿਜਲੀ ਮੰਤਰੀ ਦਾ ਦਾਅਵਾ,ਨਹੀਂ ਹੈ ਪੰਜਾਬ ਵਿੱਚ ਬਿਜਲੀ ਦੀ ਕਮੀ,ਵਿਭਾਗ ਵਿੱਚ ਹੋਈਆਂ ਹਨ ਨਵੀਆਂ ਭਰਤੀਆਂ

ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਈ ਦਾਅਵੇ ਕੀਤੇ ਹਨ ਤੇ ਕਿਹਾ ਹੈ ਕਿ ਪੰਜਾਬ ਵਿੱਚ ਟਰਾਂਸਮਿਸ਼ਨ ਦੀ 7100 ਮੈਗਾਵਾਟ ਦੀ ਸਮਰਥਾ ਨੂੰ ਵਧਾ ਕੇ 8500 ਮੈਗਾਵਾਟ ਕੀਤਾ ਗਿਆ ਹੈ ਤੇ 66 ਕੇ ਬੀ ਦੇ ਨਵੇਂ ਗ੍ਰਿਡ ਬਣਾਏ ਜਾ ਰਹੇ ਹਨ ਤੇ ਅੰਡਰਗਰਾਉਂਡ ਤਾਰਾਂ ਪਾਉਣ ਦਾ ਕੰਮ ਵੀ ਹੋ ਰਿਹਾ ਹੈ।

ਇਸ ਤੋਂ ਇਲਾਵਾ ਟਰਾਂਸਫਾਰਮਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਤਾਂ ਜੋ ਲੋਡ ਨੂੰ ਘਟਾਇਆ ਜਾ ਸਕੇ।
ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਕੋਈ ਵੀ ਕਿਲਤ ਨਹੀਂ ਆਉਣ ਦਿੱਤੀ ਗਈ ਹੈ ਤੇ ਨਿਰਵਿਘਨ ਸਪਲਾਈ ਹਾਲੇ ਵੀ ਜਾਰੀ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਝਾਰਖੰਡ ਵਿੱਚ ਪੰਜਾਬ ਨੂੰ ਅਲਾਟ ਹੋਈ ਕੋਲੇ ਦੀ ਖਾਣ ਨੂੰ ਮੁੜ ਚਾਲੂ ਗਿਆ ਹੈ।
ਬਿਜਲੀ ਵਿਭਾਗ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਹੈ ਕਿ ਪਿਛਲੇ 8 ਮਹੀਨਿਆਂ ਦੇ ਦੌਰਾਨ ਵਿਭਾਗ ਵਿੱਚ 2590 ਨਵੀਆਂ ਭਰਤੀਆਂ ਕੀਤੀਆਂ ਗਈਆਂ ਤੇ 2100 ਹੋਰ ਨਵੇਂ ਮੁਲਾਜ਼ਮ ਭਰਤੀ ਕੀਤੇ ਜਾਣਗੇ।

ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਵੇ ਕਨੈਕਸ਼ਨ ਜਾਰੀ ਕੀਤੇ ਜਾ ਰਹੇ ਹਨ,ਜਿਹਨਾਂ ਦੀ ਪਹਿਲਾਂ ਵੈਰੀਫਿਕੇਸ਼ਨ ਹੋਵੇਗੀ।
ਇਸ ਤੋਂ ਇਲਾਵਾ ਸਮਾਰਟ ਮੀਟਰਾਂ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੰਜਾਬ ਵਿੱਚ ਇਹ ਲੱਗਣਗੇ।
ਬਿਜਲੀ ਖਰਚੇ ਘਟਾਉਣ ਲਈ ਤੋਂ ਪੰਜਾਬ ਦੀਆਂ ਸਰਕਾਰੀ ਇਮਾਰਤਾਂ ‘ਤੇ ਸੋਲਰ ਪੈਨਲ ਲਾਏ ਜਾਣ ਦੀ ਗੱਲ ਵੀ ਉਹਨਾਂ ਨੇ ਆਖੀ ਹੈ।

ਕੈਬਨਿਟ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਅਲੱਗ ਅਲੱਗ ਵਿਭਾਗਾਂ ਵਿੱਚ 22000 ਦੇ ਕਰੀਬ ਨਵੀਆਂ ਭਰਤੀਆਂ ਕੀਤੀਆਂ ਹਨ ਤੇ 10000 ਦੇ ਕਰੀਬ ਲੋਕਾਂ ਨੂੰ ਪੱਕੇ ਕੀਤਾ ਹੈ । ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਹ ਪ੍ਰਕ੍ਰਿਆ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।