Punjab

ਸ਼ਰਧਾਂਜਲੀਆਂ ਦੇਣ ਤੋਂ ਬਾਅਦ ਵਿਧਾਨ ਸਭਾ ਸ਼ੈਸਨ ਸੋਮਵਾਰ ਤੱਕ ਲਈ ਹੋਇਆ ਮੁਲਤਵੀ

ਚੰਡੀਗੜ੍ਹ : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੰਬੋਧਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬਾਅਦ ਦੁਪਹਿਰ ਦੁਬਾਰਾ ਸ਼ੁਰੂ ਹੋਇਆ।ਜਿਸ ਵਿੱਚ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ,ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੂਰਾ, ਸਾਬਕਾ ਮੰਤਰੀ ਤੇ ਸਾਬਕਾ ਵਿਧਾਨ ਸਭਾ ਸਪੀਕਰ ਨਰੇਸ਼ ਠਾਕੁਰ,ਸਾਬਕਾ ਮੰਤਰੀ ਸ਼੍ਰੀ ਬਾਬੂਰਾਮ ਚਾਵਲਾ ਤੇ ਹੋਰ ਕਈ ਮਰਹੂਮ ਰਾਜਸੀ ਨੇਤਾਵਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਇਸ ਤੋਂ ਇਲਾਵਾ ਵਿਧਾਇਕ ਬਾਵਾ ਹੈਨਰੀ ਨੇ ਤੁਰਕੀ ਭੂਚਾਲ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਗੱਲ ਕਰਦਿਆਂ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਗੱਲ ਰੱਖੀ ,ਜਿਸ ਤੋਂ ਬਾਅਦ ਇਹਨਾਂ ਸਾਰਿਆਂ ਲਈ 2  ਮਿੰਟ ਦਾ ਮੌਨ ਰੱਖਿਆ ਗਿਆ। ਪਿਛਲੇ ਸਮੇਂ ਦੌਰਾਨ ਵਿਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਸ਼ੁਰੂ ਹੋਏ ਬਜਟ ਇਜਲਾਸ ਦੌਰਾਨ ਸਭ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਹੋਇਆ ।ਜਿਸ ਵਿੱਚ ਉਹਨਾਂ ਉਮੀਦ ਪ੍ਰਗਟਾਈ ਕਿ ਹੁਣ ਉਹ ਜੋ ਵੀ ਜਾਣਕਾਰੀ ਮੰਗਣਗੇ, ਉਹਨਾਂ ਨੂੰ ਮਿਲੇਗੀ।ਇਸ ਦੌਰਾਨ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਰੌਲਾ ਰੱਪਾ ਜਾਰੀ ਰੱਖਿਆ ਤਾਂ ਰਾਜਪਾਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਚੁੱਪ ਕਰ ਜਾਣ ਤੇ ਉਹਨਾਂ ਨੂੰ ਭਾਸ਼ਣ ਪੂਰਾ ਕਰਨ ਦੇਣ ਅਤੇ ਇਸ ਮਗਰੋਂ ਬਿਜ਼ਨਸ ਦੌਰਾਨ ਉਹ ਆਪਣਾ ਮੁੱਦਾ ਚੁੱਕ ਸਕਦੇ ਹਨ। ਰਾਜਪਾਲ ਨੇ ਕਾਂਗਰਸੀ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਉਹ ਸਦਨ ਵਿਚ ਹਾਜ਼ਰ ਰਹਿ ਕੇ ਆਪਣੀ ਗੱਲ ਰੱਖਣ ਅਤੇ ਬਾਈਕਾਟ ਨਾ ਕਰਨ। ਇਸ ਦੌਰਾਨ ਕਾਂਗਰਸ ਵਿਧਾਇਕਾਂ ਵੱਲੋਂ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਾਕ ਆਊਟ ਕਰ ਦਿੱਤਾ।