Punjab

ਹੁਣ ਸਕੂਲਾਂ ‘ਚ ਬੱਚੇ ਪੜਨਗੇ ਪੰਜਾਬ ਦੇ ਇਹਨਾਂ ਮਹਾਨ ਖਿਡਾਰੀਆਂ ਦੀਆਂ ਜੀਵਨੀਆਂ

ਚੰਡੀਗੜ੍ਹ : ਪੰਜਾਬ ਦੇ ਪ੍ਰਸਿਧ ਖਿਡਾਰੀਆਂ ਦਾ ਇਤਿਹਾਸ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਪੜਨਗੇ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਨੌਵੀਂ ਤੇ ਦੱਸਵੀਂ ਦੀ ਪਾਠ ਪੁਸਤਕ ਵਿੱਚ ਤਿੰਨ ਵਾਰ ਦੇ ਓਲੰਪਿਕਸ ਗੋਲਡ ਮੈਡਲ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਉਡਣਾ ਸਿੱਖ ਵਜੋਂ ਮਸ਼ਹੂਰ ਹੋਏ ਮਹਾਨ ਅਥਲੀਟ ਮਿਲਖਾ ਸਿੰਘ ਅਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਅਤੇ ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਨੂੰ ਪੜਾਇਆ ਜਾਵੇਗਾ।

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ  ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਮਹਾਨ ਖਿਡਾਰੀਆਂ ਦੀ ਜੀਵਨੀ ਨੂੰ ਸਕੂਲੀ ਪੜ੍ਹਾਈ ਦਾ ਸਿਲੇਬਸ ਬਣਾਇਆ ਗਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਪੰਜਾਬ ਦੇ ਚਾਰ ਮਹਾਨ ਖਿਡਾਰੀਆਂ ਦੀ ਸੰਖੇਪ ਜੀਵਨੀ ਸਰੀਰਕ ਸਿੱਖਿਆ ਵਿਸ਼ੇ ਦੀਆਂ ਪਾਠ ਪੁਸਤਕਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਖਿਡਾਰੀਆਂ ਦੀ ਜੀਵਨੀ ਸਕੂਲ ਸਿਲੇਬਸ ਵਿੱਚ ਸ਼ਾਮਲ ਕੀਤੀ ਗਈ ਹੈ ਉਨ੍ਹਾਂ ਨੇ ਪੰਜਾਬੀਆਂ ਦਾ ਝੰਡਾ ਪੂਰੀ ਦੁਨੀਆ ਵਿੱਚ ਬੁਲੰਦ ਕੀਤਾ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰੀਰਕ ਵਿਸ਼ੇ ਦੀ ਨੌਵੀਂ ਕਿਤਾਬ ਦੀ ਪਾਠ ਪੁਸਤਕ ਵਿੱਚ ਤਿੰਨ ਵਾਰ ਦੇ ਓਲੰਪਿਕਸ ਗੋਲਡ ਮੈਡਲ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਉਡਣਾ ਸਿੱਖ ਵਜੋਂ ਮਸ਼ਹੂਰ ਹੋਏ ਮਹਾਨ ਅਥਲੀਟ ਮਿਲਖਾ ਸਿੰਘ ਅਤੇ ਏਸ਼ੀਅਨ ਚੈਂਪੀਅਨ ਮੁੱਕੇਬਾਜ਼ ਕੌਰ ਸਿੰਘ ਅਤੇ ਸਰੀਰਕ ਸਿੱਖਿਆ ਦੀ ਦੱਸਵੀਂ ਕਿਤਾਬ ਦੀ ਪਾਠ ਪੁਸਤਕ ਵਿੱਚ ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਓਲੰਪੀਅਨ ਅਥਲੀਟ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਸ਼ਾਮਲ ਕੀਤੀ ਗਈ ਹੈ।