India

ਭਾਰਤੀ ਵਿਕੇਟਕੀਪਰ ਰਿਸ਼ਬ ਪੰਤ ਨਾਲ ਵਾਪਰੇ ਹਾਦਸੇ ਤੋਂ ਬਾਅਦ ਬੀਸੀਸੀਆਈ ਦਾ ਪਹਿਲਾ ਬਿਆਨ

ਦਿੱਲੀ : ਭਾਰਤੀ ਵਿਕੇਟਕੀਪਰ ਰਿਸ਼ਬ ਪੰਤ ਦੇ ਇੱਕ ਸੜ੍ਹਕ ਹਾਦਸੇ ਵਿੱਚ ਜਖ਼ਮੀ ਹੋ ਜਾਣ ਤੋਂ ਬਾਅਦ ਬੀਸੀਸੀਆਈ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਬੀਸੀਸੀਆਈ ਪ੍ਰਧਾਨ ਜੈ ਸ਼ਾਹ ਨੇ ਖਿਡਾਰੀ ਨੂੰ ਲੱਗਣ ਵਾਲੀਆਂ ਸੱਟਾਂ ਦਾ ਵੇਰਵਾ ਦਿੱਤਾ ਹੈ ਤੇ ਕਿਹਾ ਹੈ ਕਿ ਰਿਸ਼ਬ ਦੇ ਸਿਰ, ਗੋਡੇ ਅਤੇ ਪਿੱਠ ‘ਤੇ ਸੱਟ ਲੱਗੀ ਹੈ। ਰਿਸ਼ਬ ਪੰਤ ਦੇ ਸਿਰ ‘ਤੇ ਦੋ ਕੱਟ ਲੱਗੇ ਹਨ ਤੇ ਇਸ ਤੋਂ ਇਲਾਵਾ ਸੱਜੇ ਗੁੱਟ, ਪੈਰ ਦੇ ਅੰਗੂਠੇ ‘ਤੇ ਵੀ ਸੱਟ ਲੱਗੀ ਹੈ ਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।

ਜਿਕਰਯੋਗ ਹੈ ਕਿ ਅੱਜ ਸਵੇਰੇ ਉੱਤਰਾਖੰਡ ਦੇ ਰੁੜਕੀ ‘ਚ ਰਿਸ਼ਬ ਪੰਤ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਪੰਤ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਸ ਦੀ ਮਰਸੀਡੀਜ਼ ਗੱਡੀ ਬੇਕਾਬੂ ਹੋ ਕੇ ਡਿਵਾਈਡਰਾਂ ਨਾਲ ਜਾ ਟਕਰਾਈ ਸੀ ਤੇ ਉਸ ਨੂੰ ਅੱਗ ਲੱਗ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਝਪਕੀ ਲੱਗਣ ਨਾਲ ਕਾਰ ਬੇਕਾਬੂ ਹੋਈ ਤੇ ਡਿਵਾਈਡਰ ਨਾਲ ਟਕਰਾ ਕੇ ਹਾਈਵੇਅ ਦੀ ਦੂਜੀ ਲੇਨ ‘ਚ ਜਾ ਵੜੀ ਤੇ ਉਸ ਨੂੰ ਅੱਗ ਲੱਗ ਗਈ। ਅੱਗ ਲਗਣ ਕਾਰਨ ਪੰਤ ਦੀ ਪਿੱਠ ਵੀ ਝੁਲਸ ਗਈ ਤੇ ਉਸ ਦੇ ਹੋਰ ਸੱਟਾਂ ਵੀ ਲੱਗੀਆਂ । ਉਹ ਹਿੰਮਤ ਕਰ ਕੇ ਕਾਰ ਦੀ ਖਿੜਕੀ ਤੋੜ ਕੇ ਬਾਹਰ ਨਿਕਲਿਆ ਤੇ ਇੱਕ ਬੱਸ ਡਰਾਈਵਰ ਨੇ ਉਸ ਦੀ ਮਦਦ ਕੀਤੀ । ਫਿਲਹਾਲ ਪੰਤ ਇਸ ਵੇਲੇ ਪ੍ਰਾਈਵੇਟ ਹਸਪਤਾਲ ‘ਚ ਭਰਤੀ ਹੈ ਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।