Sports

ਸੈਮੀਫਾਈਨਲ ‘ਚ ਹਾਰ ‘ਤੇ ਭਾਵੁਕ ਹੋਏ ‘ਅਰਸ਼ਦੀਪ’! ਭਵਿੱਖ ਲਈ ਕਰ ਦਿੱਤਾ ਵੱਡਾ ਐਲਾਨ

Arshdeep emotional after semi final defeat

ਬਿਊਰੋ ਰਿਪੋਰਟ : 10 ਨਵੰਬਰ ਨੂੰ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਇੰਗਲੈਂਡ ਦੇ ਹੱਥੋਂ ਮਿਲੀ ਹਾਰ ਭਾਰਤ ਦੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਹਾਰ ਵਿੱਚੋਂ ਇੱਕ ਬਣ ਗਈ ਹੈ । ਹੁਣ ਤੱਕ ਵਰਲਡ ਕੱਪ ਦੇ ਖੇਡੇ ਗਏ ਸੈਮੀਫਾਈਨ ਵਿੱਚੋਂ ਟੀਮ ਇੰਡੀਆ ਪਹਿਲੀ ਅਜਿਹੀ ਟੀਮ ਬਣ ਗਈ ਹੈ ਜਿਹੜੀ 10 ਵਿਕਟਾਂ ਨਾਲ ਹਾਰੀ ਹੈ। ਇਸ ਤੋਂ ਬਾਅਦ BCCI ਨੇ ਸੰਕੇਤ ਦਿੱਤੇ ਹਨ ਕਿ 2 ਸਾਲ ਬਾਅਦ ਹੋਣ ਵਾਲੇ ਟੀ-20 ਵਰਲਡ ਕੱਪ ਦੇ ਲਈ ਕਈ ਸੀਨੀਅਰ ਖਿਡਾਰੀਆਂ ਦੀ ਛੁੱਟੀ ਹੋ ਸਕਦੀ ਹੈ। ਖ਼ਬਰਾਂ ਆ ਰਹੀਆਂ ਹਨ ਕਿ BCCI ਕੋਈ ਵੀ ਨਤੀਜੇ ‘ਤੇ ਪਹੁੰਚਣ ਤੋਂ ਪਹਿਲਾਂ ਕੋਚ ਰਾਹੁਲ ਦ੍ਰਵਿੜ ਕਪਤਾਨ ਰੋਹਿਤ ਸ਼ਰਮਾ ਅਤੇ ਵਿਕਾਟ ਕੋਹਲੀ ਨਾਲ ਗੱਲਬਾਤ ਕਰ ਸਕਦੀ ਹੈ। ਪਰ ਇੱਕ ਗੱਲ ਤੈਅ ਮੰਨੀ ਜਾ ਰਹੀ ਹੈ । ਅਸ਼ਵਿਨ,ਕੇ.ਐੱਲ ਰਾਹੁਲ,ਦਿਨੇਸ਼ ਕਾਰਤਿਕ,ਅਕਸਰ ਪਟੇਲ,ਮੁਹੰਮਦ ਸ਼ਮੀ ਵਰਗੇ ਖਿਡਾਰੀਆਂ ਦੀ ਟੀਮ ਇੰਡੀਆ ਤੋਂ ਛੁੱਟੀ ਤੈਅ ਹੈ। ਉਧਰ ਇਸ ਦੌਰਾਨ ਟੀਮ ਇੰਡੀਆ ਦੇ ਭਵਿੱਖ ਨੂੰ ਲੈਕੇ ਅਰਸ਼ਦੀਪ ਦਾ ਵੀ ਅਹਿਮ ਬਿਆਨ ਸਾਹਮਣੇ ਆਇਆ ਹੈ । ਪੂਰੇ ਵਰਲਡ ਕੱਪ ਵਿੱਚ ਟੀਮ ਇੰਡੀਆ ਲਈ ਕੋਈ ਚੰਗੀ ਗੱਲ ਹੋਈ ਹੈ ਤਾਂ ਉਹ ਹੈ ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ। ਪਾਕਿਸਤਾਨ ਤੋਂ ਲੈਕੇ ਬੰਗਲਾਦੇਸ਼ ਤੱਕ ਹਰ ਇੱਕ ਲੀਗ ਮੈਚ ਵਿੱਚ ਭਾਰਤ ਨੂੰ ਮੈਚ ਵਿੱਚ ਵਾਪਸੀ ਕਰਵਾਉਣ ਵਾਲੇ ਅਰਸ਼ਦੀਪ ਇੰਗਲੈਂਡ ਖਿਲਾਫ ਮਿਲੀ ਹਾਰ ਤੋਂ ਬਾਅਦ ਕਾਫੀ ਭਾਵੁਕ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਟਵੀਟ ਇਸ ਦੀ ਗਵਾਈ ਭਰਦਾ ਹੈ ।

ਇੰਗਲੈਂਡ ਦੇ ਖਿਲਾਫ਼ ਮਿਲੀ ਹਾਰ ‘ਤੇ ਅਰਸ਼ਦੀਪ ਹੋਏ ਭਾਵੁਕ

ਇੰਗਲੈਂਡ ਦੇ ਖਿਲਾਫ਼ ਮਿਲੀ ਹਾਰ ‘ਤੇ ਵਿਰਾਟ ਕੋਹਲੀ ਤੋਂ ਬਾਅਦ ਅਰਸ਼ਦੀਪ ਨੇ ਵੀ ਟਵੀਟ ਕਰਕੇ ਆਪਣੀ ਆਪਣੀ ਗੱਲ ਰੱਖੀ ਹੈ। ਉਨ੍ਹਾਂ ਲਿਖਿਆ ‘ਨਤੀਜੇ ਤੋਂ ਦੁੱਖੀ ਅਤੇ ਤਬਾਹ ਹੋ ਗਏ। ਇਹ ਸਾਡੇ ਲਈ ਸਖ਼ਤ ਹਾਰ ਹੈ ਪਰ ਅਸੀਂ ਮਜ਼ਬੂਤੀ ਨਾਲ ਵਾਪਸੀ ਕਰਾਂਗੇ। ਦੁਨੀਆ ਭਰ ਦੇ ਸਾਡੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਵਿਸ਼ਵ ਕੱਪ ਮੁਹਿੰਮ ਦੌਰਾਨ ਸਾਡੀ ਹਿਮਾਇਤ ਕੀਤੀ’ ਸਾਫ਼ ਹੈ ਅਰਸ਼ਦੀਪ ਭਾਰਤ ਦੀ ਹਾਰ ਤੋਂ ਕਾਫੀ ਦੁੱਖੀ ਹਨ। ਕਿਉਂਕਿ ਇਸ ਵਰਲਡ ਕੱਪ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਦਿੱਤੀ । ਏਸ਼ੀਆ ਕੱਪ ਵਿੱਚ ਜਿਹੜੇ ਲੋਕ ਕੈਚ ਛੁੱਟ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਟਰੋਲ ਕਰ ਰਹੇ ਸਨ ਉਨ੍ਹਾਂ ਦਾ ਮੂੰਹ ਅਰਸ਼ਦੀਪ ਨੇ ਵਰਲਡ ਕੱਪ ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਦ ਕਰ ਦਿੱਤਾ ਸੀ। ਟੀਮ ਇੰਡੀਆ ਦੇ ਲਈ ਸ਼ੁਰੂਆਤੀ ਅਤੇ ਅਖੀਰਲੇ ਓਵਰ ਵਿੱਚ ਸਭ ਤੋਂ ਅਹਿਮ ਗੇਂਦਬਾਜ਼ ਬਣ ਚੁੱਕੇ ਅਰਸ਼ਦੀਪ ਦੇ ਲਈ ਸੈਮੀਫਾਈਲ ਦੀ ਹਾਰ ਨਿਰਾਸ਼ ਕਰਨ ਵਾਲੀ ਸੀ। ਹਾਲਾਂਕਿ ਇੰਗਲੈਂਡ ਦੇ ਖਿਲਾਫ਼ ਸਭ ਤੋਂ ਘੱਟ ਦੌੜਾਂ ਦੇਕੇ ਉਹ ਸਭ ਤੋਂ ਵਧੀਆਂ ਗੇਂਦਬਾਜ਼ ਰਹੇ । ਕਪਤਾਨ ਰੋਹਿਤ ਸ਼ਰਮਾ ਨੇ ਲੀਗ ਮੈਚਾਂ ਵਿੱਚ ਜਿਹੜਾ ਭਰੋਸਾ ਅਰਸ਼ਦੀਪ ‘ਤੇ ਜਤਾਇਆ ਸੀ ਜੇਕਰ ਉਸੇ ਤਰ੍ਹਾਂ ਸੈਮੀਫਾਈਨਲ ਵਿੱਚ ਰੱਖ ਦੇ ਤਾਂ ਸ਼ਾਇਦ ਭਾਰਤ ਫਾਈਨਲ ਵਿੱਚ ਪਹੁੰਚ ਸਕਦਾ ਸੀ। ਰੋਹਤ ਸ਼ਰਮਾ ਨੇ ਪੂਰੇ ਟੂਰਨਾਮੈਂਟ ਵਿੱਚ ਅਰਸ਼ਦੀਪ ਕੋਲੋ ਪਹਿਲੇ 2 ਓਵਰ ਕਰਵਾਏ ਪਰ ਇੰਗਲੈਂਡ ਦੇ ਖਿਲਾਫ਼ ਸਿਰਫ਼ 1 ਓਵਰ ਬਾਅਦ ਹੀ ਉਨ੍ਹਾਂ ਨੂੰ ਬਦਲ ਦਿੱਤਾ । ਕ੍ਰਿਕਟ ਦੇ ਜਾਣਕਾਰਾਂ ਨੇ ਵੀ ਰੋਹਿਤ ਸ਼ਰਮਾ ਦੇ ਇਸ ਫੈਸਲੇ ਸਖ਼ਤ ਟਿੱਪਣੀ ਕੀਤੀ ਸੀ ਅਤੇ ਹੈਰਾਨੀ ਵੀ ਜਤਾਈ ਸੀ।