India International

ਭਾਰਤੀ ਕੁੜੀਆਂ ਨੇ ਰਚਿਆ ਇਤਿਹਾਸ,ਦੱਖਣੀ ਅਫਰੀਕਾ ਵਿੱਚ ਜਿੱਤਿਆ ਵਿਸ਼ਵ ਕੱਪ

ਦੱਖਣੀ ਅਫਰੀਕਾ : ਭਾਰਤ ਦੀਆਂ ਕੁੜੀਆਂ ਦੇ ਨਾਂ ਇੱਕ ਵੱਡੀ ਪ੍ਰਾਪਤੀ ਜੁੜੀ ਹੈ। ਅੰਡਰ-19 ਉਮਰ ਵਰਗ ਵਿੱਚ ਪਹਿਲੀ ਵਾਰ ਮਹਿਲਾ ਕ੍ਰਿਕਟ ਟੀਮ ਨੇ  ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਨੇ ਫਾਈਨਲ ਮੁਕ਼ਾਬਲੇ ਵਿਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ । ਇੰਗਲੈਂਡ ਨੇ ਪਹਿਲਾਂ ਬਲੇਬਾਜੀ ਕਰਦਿਆਂ ਸਿਰਫ 68 ਦੌੜਾਂ ਬਣਾਈਆਂ ,ਜਿਸ ਨੂੰ ਭਾਰਤ ਨੇ ਮਹਿਜ 14 ਓਵਰਾਂ ਵਿੱਚ 69 ਦੌੜਾਂ ਬਣਾ ਕੇ ਪੂਰਾ ਕਰ ਲਿਆ ।

ਹਾਲਾਂਕਿ ਭਾਰਤ ਦੀ  ਓਪਨਿੰਗ  ਚੰਗੀ ਨਹੀਂ ਰਹੀ,ਤੇ ਉਸ ਦੀਆਂ ਦੋਨੋਂ ਸਲਾਮੀ ਬਲੇਬਾਜ਼ ਜਲਦੀ ਹੀ ਆਊਟ ਹੋ ਗਏ ਪਰ ਸੋਮਿਆ ਤਿਵਾਰੀ ਤੇ ਗੋਂਗਦੀ ਤਰਿਸ਼ਾ ਨੇ ਬਾਅਦ ਵਿੱਚ ਮੋਰਚਾ ਸੰਭਾਲਿਆ ਤੇ ਟੀਮ ਨੂੰ ਦਬਾਅ ਹੇਠ ਨਹੀਂ ਆਉਣ ਦਿੱਤਾ । ਇਸਦੇ ਬਾਅਦ ਤ੍ਰਿਸ਼ਾ ਅਤੇ ਨਰਮਾ ਦੇ ਵਿਚਕਾਰ 46 ਦੌੜਾਂ ਦੀ ਸਾਂਝ ਬਣੀ। ਇਸ ਤੋਂ ਇਲਾਵਾ ਭਾਰਤੀ ਕਪਤਾਨ ਸ਼ੈਫਾਲੀ ਵਰਮਾ ਨੇ 15 ਅਤੇ ਸ਼ਵੇਤਾ ਸਹਿਰਾਵਤ ਨੇ ਪੰਜ ਰਣ ਬਣਾਏ।

ਦੱਖਣੀ ਅਫ਼ਰੀਕਾ ਦੇ ਪੋਚੇਫ਼ਸਟ੍ਰੌਮ ਵਿੱਚ ਖੇਡੇ ਗਏ ਫ਼ਾਈਨਲ ਮੈਚ ਵਿੱਚ ਭਾਰਤੀ ਅੰਡਰ 19 ਟੀਮ ਦੀ ਕਪਤਾਨ ਸ਼ਫ਼ਾਲੀ ਵਰਮਾ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬਲਲੇਬਾਜ਼ੀ ਦਾ ਸੱਦਾ ਦਿੱਤਾ।ਜਿਸ ਨੂੰ ਭਾਰਤੀ ਗੇਂਦਬਾਜ਼ਾਂ ਨੇ ਸਹੀ ਫ਼ੈਸਲਾ ਸਾਬਤ ਕੀਤਾ। ਇੰਗਲੈਡ ਟੀਮ ਦੀ ਕੋਈ ਵੀ ਖਿਡਾਰਨ ਟਿੱਕ ਕੇ ਨਹੀਂ ਖੇਡ ਸਕੀ ਤੇ ਪੂਰੀ ਟੀਮ 17.1 ਓਵਰ ਵਿੱਚ 68 ਦੌੜਾਂ ‘ਤੇ ਹੀ ਢੇਰ ਹੋ ਗਈ। ਭਾਰਤ ਲਈ ਟਿਕਾਸ ਸਾਧੂ, ਪਾਰਸ਼੍ਵਰੀ ਚੋਪੜਾ ਅਤੇ ਅਰਚਨਾ ਦੇਵੀ ਨੇ ਦੋ-ਦੋ ਵਿਕਟਾਂ ਲਈਆਂ।

ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲਾਂ ਵਿੱਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਅਤੇ ਇੰਗਲੈਂਡ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ ।ਭਾਰਤੀ ਟੀਮ ਦੀ ਮਹਿਲਾ ਕ੍ਰਿਕਟ ਟੀਮ ਦੀ ਹੌਸਲਾ ਅਫਜ਼ਾਈ ਲਈ ਉਲੰਪਿਕ ਗੋਲਡ ਮੈਡਲਿਸਟ ਖਿਡਾਰੀ ਨੀਰਜ ਚੋਪੜਾ ਵੀ ਸਟੇਡੀਅਮ ਵਿੱਚ ਹਾਜਰ ਸਨ।

ਵਿਸ਼ਵ ਕੱਪ ਜਿੱਤਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਗਿਆ। ਬੀਸੀਆਈ ਦੇ ਸਕੱਤਰ ਜੈਸ਼ਾਹ ਨੇ ਪੂਰੀ ਟੀਮ ਅਤੇ ਸਟਾਫ ਨੂੰ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ । ਦੇਸ਼ ਦੀ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੇ ਹੋਰ ਰਾਜਸੀ ਤੇ ਖੇਡਾਂ ਦੇ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਭਾਰਤੀ ਕੁੜੀਆਂ ਨੂੰ ਵਧਾਈ ਦਿੱਤੀ ਹੈ ।