Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡਾਂ ‘ਚ ਜਾ ਕੇ ਦਿੱਲੀ ਘਿਰਾਉ ਦੀਆਂ ਕਰ ਰਹੀ ਹੈ ਤਿਆਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦਾ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਰੇਲ ਰੋਕੋ ਅੰਦੋਲਨ 59 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਪੰਜਾਬ ਭਵਨ, ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨਾਂ ਦੀ ਹੋ ਰਹੀ ਮੀਟਿੰਗ ਵਿੱਚ ਕਿਸਾਨ ਜ਼ਦੂਰ ਸੰਘਰਸ਼ ਕਮੇਟੀ ਸ਼ਾਮਲ ਨਹੀਂ ਹੋ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਉਹ ਆਪਣੇ ਵਾਅਦੇ ਮੁਤਾਬਕ ਜੋ ਰੇਤ ਮਾਫੀਆ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾ ਰਿਹਾ ਹੈ, ਉਸਨੂੰ ਸੁਧਾਰੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਜਾਂ ਸ਼ਰਾਬ ਮਾਫੀਆ ਖਤਮ ਕਰਕੇ ਪੰਜਾਬ ਦੀ ਵਿੱਤੀ ਹਾਲਤ ਸੁਧਾਰਨ ਵਿੱਚ ਸਰਕਾਰ ਨਾਕਾਮ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਦਿੱਲੀ ਜਾਣ ਦੀ ਤਿਆਰੀ ਲਈ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੀ ਹੈ। ਕੋਟਲਾ, ਸੈਦਾਂ, ਖੁਸ਼ੀਪੁਰ, ਜੇਠੂਵਾਲ ਸਮੇਤ ਕਈ ਪਿੰਡਾਂ ਵਿੱਚ ਦਿੱਲੀ ਘਿਰਾਉ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪੰਧੇਰ ਨੇ ਕਿਹਾ ਕਿ ਲੋਕਾਂ ਵਿੱਚ ਅੰਦੋਲਨ ਪ੍ਰਤੀ ਜੋ ਉਤਸ਼ਾਹ ਹੈ, ਉਸ ਨਾਲ ਅਸੀ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰਾਂਗੇ ਅਤੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਅੱਗੇ ਨਹੀਂ ਝੁਕਾਂਗੇ।