India Punjab

ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ, ਮੌਸਮ ਵਿਭਾਗ ਦੀ ਜਾਰੀ ਕੀਤੀ ਚਿਤਾਵਨੀ

ਦਿੱਲੀ : ਦੇਸ਼ ਦੇ ਉੱਤਰੀ ਖਿੱਤੇ ਵਿੱਚ ਇਸ ਵੇਲੇ ਸ਼ੀਤ ਲਹਿਰ ਜਾਰੀ ਹੈ ਤੇ ਸਖ਼ਤ ਠੰਢ ਨੇ ਪੰਜਾਬ ਤੇ ਹਰਿਆਣਾ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਇਹਨਾਂ ਦੋਵਾਂ ਰਾਜਾਂ ਸਣੇ ਇਹਨਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਕਈ ਥਾਵਾਂ ’ਤੇ ਪਾਰਾ ਤੇਜ਼ੀ ਨਾਲ ਹੇਠਾਂ ਗਿਆ ਹੈ। ਸਵੇਰੇ ਤੋਂ ਹੀ ਸੰਘਣੀ ਧੁੰਦ ਦੀ ਚਾਦਰ ਨੇ ਸਾਰੇ ਇਲਾਕੇ ਨੂੰ ਢੱਕ ਲਿਆ ਜਿਸ ਕਾਰਨ visibility ਘੱਟ ਗਈ।

ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ 0.4 ਡਿਗਰੀ ਤਾਪਮਾਨ ਨਾਲ ਬਠਿੰਡਾ ਸਭ ਤੋਂ ਠੰਢਾ ਰਿਹਾ ਜਦੋਂਕਿ ਹਰਿਆਣਾ ਦੇ ਮਾਂਡਕੋਲਾ ਵਿੱਚ ਮਨਫ਼ੀ 1.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਦੇ ਕਈ ਜ਼ਿਲਿਆਂ ਅੰਮ੍ਰਿਤਸਰ,ਲੁਧਿਆਣਾ, ਪਟਿਆਲਾ, ਪਠਾਨਕੋਟ, ਫਰੀਦਕੋਟ , ਮੋਗਾ ਤੇ ਗੁਰਦਾਸਪੁਰ ਵਿੱਚ ਤਾਪਮਾਨ 4 ਡਿਗਰੀ ਤੋਂ ਵੀ ਘੱਟ ਰਿਹਾ ਹੈ । ਜਦੋਂ ਕਿ ਹਰਿਆਣਾ ਦੇ ਫ਼ਤਿਹਾਬਾਦ ਵਿੱਚ ਹੇਠਲਾ ਤਾਪਮਾਨ 3.2 ਡਿਗਰੀ ਰਿਕਾਰਡ ਕੀਤਾ ਗਿਆ। ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 6.5 ਡਿਗਰੀ ਰਿਹਾ।

ਕਸ਼ਮੀਰ ਵਾਦੀ ਵਿੱਚ ਕਈ ਥਾਵਾਂ ’ਤੇ ਪਾਰਾ ਸਿਫ਼ਰ ਤੋਂ ਹੇਠਾਂ ਚੱਲ ਗਿਆ ਹੈ ਤੇ ਠੰਢ ਨੇ ਜ਼ੋਰ ਫੜ ਲਿਆ ਹੈ। ਸ੍ਰੀਨਗਰ ਵਿਚ ਪਾਰਾ ਜਮਾਊ ਦਰਜੇ ਤੋਂ ਪੰਜ ਡਿਗਰੀ ਹੇਠਾਂ ਚਲਾ ਗਿਆ। ਗੁਲਮਰਗ ਤੇ ਪਹਿਲਗਾਮ ਵਿੱਚ ਅੱਜ ਇਸ ਸਰਦੀ ਦਾ ਸਭ ਤੋਂ ਹੇਠਲਾ ਤਾਪਮਾਨ ਦਰਜ ਕੀਤਾ ਗਿਆ ਹੈ। ਸ਼੍ਰੀਨਗਰ ਵਿੱਚ ਲੰਘੀ ਰਾਤ ਦਾ ਤਾਪਮਾਨ -5.4 ਡਿਗਰੀ ਸੀ ਜਦੋਂਕਿ ਇਕ ਦਿਨ ਪਹਿਲਾਂ ਇਹ ਅੰਕੜਾ 0.5 ਡਿਗਰੀ ਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਤਾਪਮਾਨ  -9.6 ਡਿਗਰੀ ਰਿਹਾ। ਜੰਮੂ ਕਸ਼ਮੀਰ ਵਿੱਚ -10 ਡਿਗਰੀ ਤਾਪਮਾਨ ਨਾਲ ਗੁਲਮਰਗ ਸਭ ਤੋਂ ਠੰਢਾ ਰਿਹਾ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਉੱਤਰੀ ਭਾਰਤੀ ਖਿੱਤੇ ਵਿੱਚ ਖੁਸ਼ਕ ਮੌਸਮ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਹੈ।

ਮੌਸਮ  ਵਿਭਾਗ ਨੇ ਕਿਹਾ ਕਿ ਅਗਲੇ ਚਾਰ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ‘ਸੰਘਣੀ’ ਤੋਂ ‘ਬਹੁਤ ਸੰਘਣੀ’ ਧੁੰਦ ਅਤੇ ਸੀਤ ਲਹਿਰ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ।