Punjab

Punjab Weather forecast : ਅਗਲੇ ਚਾਰ ਦਿਨ ਕੋਹਰੇ ਦਾ ਯੈਲੋ ਅਲਰਟ

Dense fog, cold wave alert, Punjab news, weather updates

ਚੰਡੀਗੜ੍ਹ :  ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ 10 ਜਨਵਰੀ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੁਝ ਥਾਵਾਂ ‘ਤੇ ਹਲਕੀ ਧੁੱਪ ਵੀ ਨਿਕਲ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ‘ਚ ਅੱਜ 25 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਕੜਾਕੇ ਦੀ ਠੰਢ ਲਗਾਤਾਰ ਜਾਰੀ ਹੈ। ਸੂਬੇ ਵਿੱਚ ਸੋਮਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 9.2 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ ਡਿਗਰੀ ਦਾ ਫ਼ਰਕ ਹੈ। ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 7.2 ਡਿਗਰੀ ਤੋਂ 12.0 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਪੰਜਾਬ ਅਤੇ ਹਿਮਾਚਲ ਦੇ ਜ਼ਿਆਦਾਤਰ ਇਲਾਕਿਆਂ ‘ਚ ਸੋਮਵਾਰ ਨੂੰ ਇਕ ਦਿਨ ਪਹਿਲਾਂ ਬੱਦਲ ਛਾਏ ਰਹੇ, ਜਿਸ ਕਾਰਨ ਕਈ ਇਲਾਕਿਆਂ ਵਿੱਚ ਧੁੰਦ ਦਾ ਅਸਰ ਘੱਟ ਦੇਖਣ ਨੂੰ ਮਿਲਿਆ।