Others

ਰਾਜਸਥਾਨ ਦੀ ਬੀਜੇਪੀ ਸਰਕਾਰ ‘ਚ ਸਿੱਖ ਆਗੂ ਸਿਰਫ਼ 8 ਦਿਨ ਹੀ ਮੰਤਰੀ ਰਿਹਾ ! ਲੋਕਾਂ ਨੇ ਅਹੁਦਾ ਛੱਡਣ ਲਈ ਮਜ਼ਬੂਰ ਕੀਤਾ !

ਬਿਉਰੋ ਰਿਪੋਰਟ : ਰਾਜਸਥਾਨ ਵਿੱਚ ਬੀਜੇਪੀ ਦੀ ਭਜਨ ਲਾਲ ਸਰਕਾਰ ਵਿੱਚ ਬਣੇ ਸਿੱਖ ਮੰਤਰੀ ਸੁਰਿੰਦਰ ਸਿੰਘ ਟੀਟੀ ਨੂੰ 8 ਦਿਨਾਂ ਅੰਦਰ ਹੀ ਅਸਤੀਫਾ ਦੇਣ ਪਿਆ ਜਾਂ ਇਹ ਕਹਿ ਲਿਉ ਹਲਕੇ ਦੀ ਜਨਤਾ ਨੇ ਆਪ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ। ਦਰਅਸਲ ਨਵੰਬਰ ਮਹੀਨੇ ਵਿੱਚ ਰਾਜਸਥਾਨ ਵਿੱਚ ਵਿਧਾਨਸਭਾ ਚੋਣਾਂ ਹੋਈਆਂ ਸਨ । ਪਰ ਸ਼੍ਰੀਕਰਣਪੁਰ ਵਿਧਾਨਸਭਾ ਸੀਟ ਦੀ ਚੋਣ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਨਾਮਜ਼ਦਗੀ ਤੋਂ ਬਾਅਦ ਉੱਥੇ ਇੱਕ ਉਮੀਦਵਾਰ ਦੀ ਮੌਤ ਹੋ ਗਈ ਸੀ । ਇਸੇ ਲਈ 5 ਜਨਵਰੀ ਸ਼੍ਰੀਕਰਣਪੁਰ ਸੀਟ ‘ਤੇ ਜ਼ਿਮਨੀ ਚੋਣ ਹੋਈ ਸੀ। ਬੀਜੇਪੀ ਨੇ ਸੁਰਿੰਦਰ ਸਿੰਘ ਟੀਟੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੂੰ ਮੰਤਰੀ ਵੀ ਬਣਾ ਦਿੱਤਾ ਤਾਂਕੀ ਚੋਣ ਜਿੱਤ ਸਕਣ । ਪਰ ਪਾਰਟੀ ਦਾ ਇਹ ਦਾਅ ਉਲਟਾ ਪੈ ਗਿਆ । ਜਦੋਂ 8 ਜਨਵਰੀ ਨੂੰ ਨਤੀਜਾ ਆਇਆ ਤਾਂ ਸੁਰਿੰਦਰ ਸਿੰਘ ਨੂੰ ਕਾਂਗਰਸ ਦੇ ਰੁਪਿੰਦਰ ਸਿੰਘ ਕੁਨਰ ਨੇ 11,283 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਰਾਜਪਾਲ ਨੂੰ ਭੇਜਣਾ ਪਿਆ ਹੈ। ਸੁਰਿੰਦਰ ਸਿੰਘ ਨੇ ਹੁਣ ਤੱਕ ਮੰਤਰਾਲਿਆ ਦਾ ਕਾਰਜਭਾਰ ਵੀ ਨਹੀਂ ਸਾਂਭਿਆ ਸੀ ।

ਰਾਜਸਥਾਨ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਵਿਧਾਇਕ ਬਣਨ ਤੋਂ ਪਹਿਲਾਂ ਹੀ ਮੰਤਰੀ ਬਣਿਆ ਆਗੂ ਚੋਣ ਹਾਰ ਗਿਆ ਹੋਵੇ । ਨਵੰਬਰ ਵਿੱਚ ਰਾਜਸਥਾਨ ਵਿਧਾਨਸਭਾ ਹਲਕੇ ਦੀ ਸ੍ਰੀਕਰਣਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਮੀਤ ਸਿੰਘ ਦਾ ਦੇਹਾਂਤ ਹੋ ਗਿਆ ਸੀ । ਕਾਂਗਰਸ ਨੇ ਉਨ੍ਹਾਂ ਦੇ ਪੁੱਤਰ ਰੂਪਿੰਦਰ ਸਿੰਘ ਨੂੰ ਟਿਕਟ ਦਿੱਤੀ ਸੀ। ਲੋਕਾਂ ਨੇ ਮੰਤਰੀ ਦੀ ਥਾਂ ਆਪਣੇ ਇਲਾਕੇ ਦੇ ਪੁਰਾਣੇ ਵਿਧਾਇਕ ਦੇ ਪੁੱਤਰ ਨੂੰ ਚੁਣਿਆ । ਜਿੱਤਣ ਤੋਂ ਬਾਅਦ ਰੁਪਿੰਦਰ ਸਿੰਘ ਕੁਨਰ ਭਾਵੁਕ ਹੋ ਗਏ,ਉਨ੍ਹਾਂ ਨੇ ਪਿਤਾ ਦੀ ਤਸਵੀਰ ਨੂੰ ਮੱਥਾ ਟੇਕਿਆ। ਉਨ੍ਹਾਂ ਨੇ ਕਿਹਾ ਇਹ ਚੋਣ ਗੁਰਮੀਤ ਸਿੰਘ ਕੁਨਰ ਹੀ ਲੜ ਰਹੇ ਸਨ। ਕੁਨਰ ਨੂੰ 97738 ਵੋਟਾਂ ਮਿਲਿਆਂ ਜਦਕਿ ਟੀਟੀ ਨੂੰ 83667 ਵੋਟ ਹਾਸਲ ਹੋਏ ।

ਤੀਜੇ ਰਾਊਂਡ ਤੋਂ ਹੀ ਪਿੱਛੇ ਸਨ ਟੀਟੀ

ਰਾਜਸਥਾਨ ਦੀ ਭਜਨ ਲਾਲ ਸਰਕਾਰ ਵਿੱਚ ਸੁਰਿੰਦਰਪਾਲ ਸਿੰਘ ਦੇ ਮੰਤਰੀ ਬਣਨ ਤੋਂ ਬਾਅਦ ਹੀ ਜ਼ਿੰਮਨੀ ਚੋਣ ਚਰਚਾ ਵਿੱਚ ਸੀ । ਇਸ ਚੋਣ ਵਿੱਚ ਪੂਰੇ ਰਾਜਸਥਾਨ ਦੀ ਨਜ਼ਰ ਸੀ । 18ਵੇਂ ਰਾਉਂਡ ਵਿੱਚ ਗਿਣਤੀ ਪੂਰੀ ਹੋਈ । ਹਾਲਾਂਕਿ ਬੀਜੇਪੀ ਦੇ ਆਗੂ ਸੁਰਿੰਦਰ ਸਿੰਘ ਟੀਟੀ ਪਹਿਲੇ 2 ਰਾਊਂਡ ਵਿੱਚ ਅੱਗੇ ਸਨ ਪਰ ਤੀਜੇ ਰਾਊਂਡ ਤੋਂ ਬਾਅਦ ਉਹ ਪਿੱਛੇ ਹੁੰਦੇ ਰਹੇ ਅਤੇ 18ਵੇਂ ਰਾਊਂਡ ਤੱਕ ਲੀਡ ਨਹੀਂ ਹਾਸਲ ਕਰ ਸਕੇ ਅਤੇ ਫਿਰ 11,283 ਵੋਟਾਂ ਦੇ ਨਾਲ ਹਾਰ ਗਏ । ਇਹ ਸੁਰਿੰਦਰਪਾਲ ਸਿੰਘ ਦੀ ਨਿੱਜੀ ਹਾਰ ਤਾਂ ਹੈ ਹੀ ਪਰ ਬੀਜੇਪੀ ਇੱਕ ਮਹੀਨੇ ਪੁਰਾਣੀ ਭਜਨ ਲਾਲ ਸਰਕਾਰ ਲਈ ਵੀ ਵੱਡਾ ਝਟਕਾ ।