India

Delhi Commission of Women ਦੀ chairperson ਸਵਾਤੀ ਮਾਲੀਵਾਲ ਨੇ ਡੇਰਾ ਸਾਧ ਦੇ ਖਿਲਾਫ ਖੋਲਿਆ ਮੋਰਚਾ

ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਸਾਧ ਰਾਮ ਰਹੀਮ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਸਵਾਤੀ ਮਾਲੀਵਾਲ ਨੇ ਬਿਲਕਿਸ ਬਾਨੋ ਦੇ ਬਲਾਤਕਾਰੀ ਦੀ ਰਿਹਾਈ ਤੇ ਵੀ ਸਵਾਲ ਚੁੱਕਿਆ ਹੈ ਅਤੇ ਰਾਮ ਰਹੀਮ ਨੂੰ ਮੁੜ ਜੇਲ ਭੇਜਣ ਦੀ ਮੰਗ ਵੀ ਕੀਤੀ ਹੈ।

ਆਪਣੇ ਟਵਿਟ ਵਿੱਚ ਉਹਨਾਂ ਲਿਖਿਆ ਹੈ ਕਿ ਬਿਲਕਿਸ ਬਾਨੋ ਦੇ ਬਲਾਤਕਾਰੀ ਦੀ ਰਿਹਾਈ ਅਤੇ ਰਾਮ ਰਹੀਮ ਦੀ ਪੈਰੋਲ ਨੇ ਦੇਸ਼ ਦੀ ਹਰ ਨਿਰਭੈਆ ਦੀ ਰੂਹ ਨੂੰ ਤੋੜ ਦਿੱਤਾ ਹੈ। ਉਹਨਾਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ ਹੈ ਤੇ ਮੁਆਫੀ ਅਤੇ ਪੈਰੋਲ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ।

ਹਾਲੇ ਬੀਤੇ ਦਿਨੀਂ ਹੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਘੇਰਿਆ ਸੀ ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੋਂ 5 ਸਵਾਲ ਪੁੱਛੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਸੀ ਕਿ ਰਾਮ ਰਹੀਮ ਨੂੰ ਕੀ ਲੋੜ ਸੀ ਕਿ ਉਸ ਨੂੰ ਪੈਰੋਲ ਦਿੱਤੀ ਗਈ।

ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਬਲਾਤਕਾਰੀ ਅਤੇ ਕਾਤਲ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ। ਇਸ ਵਾਰ ਰਾਮ ਰਹੀਮ ਪੈਰੋਲ ‘ਤੇ ਰਹਿੰਦਿਆਂ ਥਾਂ-ਥਾਂ ਸਤਿਸੰਗ ਕਰ ਰਿਹਾ ਹੈ ਅਤੇ ਇਸ ਸਤਿਸੰਗ ‘ਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਮੇਅਰ ਹਿੱਸਾ ਲੈ ਰਹੇ ਹਨ।

ਮਾਲੀਵਾਲ ਨੇ ਕਿਹਾ ਕਿ ਦੋਸ਼ੀ ਰਾਮ ਰਹੀਮ ਆਪਣਾ ਅਕਸ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਇੱਕ ਬਲਾਤਕਾਰੀ ਅਤੇ ਕਾਤਲ ਹੈ। ਉਹਨਾਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਾਮ ਰਹੀਮ ਦੀ ਪੈਰੋਲ ਵਾਪਸ ਲਈ ਜਾਵੇ।

 

ਇਸ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਸੀ ਕਿ “ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ? ਉਹ ਪੈਰੋਲ ਵਿਚ ਭਾਸ਼ਣ ਅਤੇ ਗੀਤ ਬਣਾਉਂਦਾ ਹੈ। ਹਰਿਆਣਾ ਸਰਕਾਰ ਦੇ ਕੁਝ ਲੀਡਰ ਤਾੜੀਆਂ ਮਾਰਦੇ ਹਨ, ‘ਭਗਤੀ’ ‘ਚ ਲੀਨ ਹਨ! ਹਰਿਆਣਾ ਸਰਕਾਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਖਤਮ ਕਰੇ!”