India

ਦਿੱਲੀ ਮਹਿਲਾ ਕਮਿਸ਼ਨ ਚੀਫ ਸਵਾਤੀ ਮਾਲੀਵਾਲ ਨਾਲ ਹੋਈ ਇਹ ਹਰਕਤ, ਕਾਰ ‘ਚ ਬੈਠਣ ਤੋਂ ਕੀਤਾ ਸੀ ਇਨਕਾਰ

Delhi Commission for Women Chief Swati Maliwal was dragged by the car driver for 10-15 meters, she refused to sit in the car.

ਦਿੱਲੀ ‘ਚ ਕਾਰ ਨਾਲ ਘੜੀਸ ਕੇ ਲੈ ਕੇ ਜਾਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੂੰ ਕਾਰ ਨੇ ਘੜੀਸਿਆ ਹੈ। ਖੁਸ਼ਕਿਸਮਤੀ ਨਾਲ, ਉਹ ਇਸ ਘਟਨਾ ‘ਚ ਵਾਲ ਵਾਲ ਬਚ ਗਈ। ਉਸ ਨੇ ਦੋਸ਼ ਲਾਇਆ ਹੈ ਕਿ ਸ਼ਰਾਬੀ ਕਾਰ ਚਾਲਕ ਨੇ ਉਸ ਨਾਲ ਛੇੜਛਾੜ ਵੀ ਕੀਤੀ। ਪੁਲਿਸ ਨੇ ਖੁਦ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੇਰ ਰਾਤ ਇਕ ਕਾਰ ਚਾਲਕ ਉਨ੍ਹਾਂ ਨੂੰ 10-15 ਮੀਟਰ ਤੱਕ ਘੜੀਸਦਾ ਲੈ ਗਿਆ। ਘਟਨਾ ਉਦੋਂ ਵਾਪਰੀ ਜਦੋਂ ਕਾਰ ਚਾਲਕ ਨੇ ਉਨ੍ਹਾਂ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਤਾਂ ਉਨ੍ਹਾਂ ਵਿਰੋਧ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ‘ਬੀਤੀ ਦੇਰ ਰਾਤ ਮੈਂ ਦਿੱਲੀ ‘ਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ। ਇੱਕ ਡਰਾਈਵਰ ਨੇ ਨਸ਼ੇ ਦੀ ਹਾਲਤ ਵਿੱਚ ਮੇਰੇ ਨਾਲ ਛੇੜਛਾੜ ਕੀਤੀ ਅਤੇ ਜਦੋਂ ਮੈਂ ਉਸਨੂੰ ਫੜਿਆ ਤਾਂ ਉਹ ਕਾਰ ਦੇ ਸ਼ੀਸ਼ੇ ਵਿੱਚ ਮੇਰਾ ਹੱਥ ਬੰਦ ਕਰਕੇ ਮੈਨੂੰ ਖਿੱਚ ਕੇ ਲੈ ਗਿਆ। ਰੱਬ ਨੇ ਜਾਨ ਬਚਾਈ। ਜੇਕਰ ਦਿੱਲੀ ‘ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਤਾਂ ਕੀ ਹਾਲ ਹੈ, ਉਹ ਤੁਸੀਂ ਸੋਚ ਹੀ ਲਓ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਨੇ ਐਫਆਈਆਰ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦਿੱਲੀ ਪੁਲਿਸ ਨੇ ਕਿਹਾ ਕਿ ਸਵਾਤੀ ਮਾਲੀਵਾਲ ਨੂੰ ਵੀਰਵਾਰ ਤੜਕੇ 3.11 ਵਜੇ ਦੇ ਕਰੀਬ ਏਮਜ਼ ਗੇਟ 2 ਦੇ ਸਾਹਮਣੇ ਕਾਰ ਦੁਆਰਾ 10-15 ਮੀਟਰ ਤੱਕ ਘੜੀਸਿਆ ਗਿਆ ਜਦੋਂ ਉਹ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਹਰੀਸ਼ ਚੰਦਰ ਨੇ ਸਵਾਤੀ ਮਾਲੀਵਾਲ ਨੂੰ ਕਾਰ ‘ਚ ਬੈਠਣ ਲਈ ਕਿਹਾ ਸੀ। ਸਵਾਤੀ ਨੇ ਇਨਕਾਰ ਕਰ ਦਿੱਤਾ ਅਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ‘ਚ ਉਸ ਨੇ ਡਰਾਈਵਰ ਸੀਟ ਵੱਲ ਹੱਥ ਵਧਾਇਆ ਤਾਂ ਦੋਸ਼ੀ ਨੇ ਅਚਾਨਕ ਖਿੜਕੀ ਦਾ ਸ਼ੀਸ਼ਾ ਖੜ੍ਹਾ ਕਰ ਦਿੱਤਾ ਅਤੇ ਸਵਾਤੀ ਦਾ ਹੱਥ ਉਸ ‘ਚ ਫਸ ਗਿਆ।

ਦੱਖਣੀ ਜ਼ਿਲੇ ਦੇ ਡੀਸੀਪੀ ਚੰਨਣ ਸਿੰਘ ਅਨੁਸਾਰ ਅੱਜ ਹੌਜ਼ਖਾਸ ਥਾਣੇ ‘ਚ ਇਕ ਫੋਨ ਆਇਆ ਕਿ ਇਕ ਔਰਤ ਨੂੰ ਕਾਰ ਮਾਲਕ ਵੱਲੋਂ ਗਲਤ ਇਸ਼ਾਰੇ ਕੀਤੇ ਗਏ ਅਤੇ 10-15 ਮੀਟਰ ਤੱਕ ਘੜੀਸਿਆ ਗਿਆ। ਮੁਲਜ਼ਮ ਦੀ ਉਮਰ 47 ਸਾਲ ਹੈ ਅਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ। ਐਫਆਈਆਰ ਦਰਜ ਕੀਤੀ ਗਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਸਵਾਤੀ ਮਾਲੀਵਾਲ ਆਪਣੀ ਟੀਮ ਨਾਲ ਉਸੇ ਮੌਕੇ ‘ਤੇ ਫੁੱਟਪਾਥ ‘ਤੇ ਖੜ੍ਹੀ ਸੀ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਕਾਰ ਦੇ ਡਰਾਈਵਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਜਾਣਕਾਰੀ ਲਈ ਜਾ ਰਹੀ ਹੈ। ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ।