Punjab

ਪਰਾਲੀ ਨਹੀਂ ਪ੍ਰਦੂਸ਼ਣ ਲਈ ਜ਼ਿੰਮੇਵਾਰ,ਜਗਜੀਤ ਸਿੰਘ ਡੱਲੇਵਾਲ ਨੇ VIDEO ਬਣਾਕੇ ਸਬੂਤ ਕੀਤੇ ਪੇਸ਼

parali not responsible for pollution dalawal release video

ਚੰਡੀਗੜ੍ਹ : ਵੱਧ ਰਹੇ ਪ੍ਰਦੂਸ਼ਨ ਨੂੰ ਲੈਕੇ ਪਰਾਲੀ ਨੂੰ ਹਰ ਵਾਰ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਅਤੇ ਕਿਸਾਨਾਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ। ਇਸ ਵਾਰ ਵੀ ਪੰਜਾਬ ਤੋਂ ਲੈਕੇ ਦਿੱਲੀ ਤੱਕ ਪ੍ਰਦੂਸ਼ਣ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਕੰਮ ਸ਼ੁਰੂ ਹੋ ਗਿਆ । ਪਰ ਕਿਸਾਨ ਆਗੂ ਅਤੇ BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦਿਵਾਲੀ ਦੀ ਰਾਤ ਤੋਂ ਪਹਿਲਾਂ ਇੱਕ ਵੀਡੀਓ ਬਣਾਕੇ ਖੁੱਲੀ ਚੁਣੌਤੀ ਦਿੱਤੀ ਹੈ । ਉਨ੍ਹਾਂ ਨੇ ਖੇਤਾਂ ਵਿੱਚ ਖੜੇ ਹੋਕੇ ਇੱਕ ਵੀਡੀਓ ਬਣਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਵਿਖਾਇਆ ਹੈ ਕਿ ਅਸਮਾਨ ਸਾਫ਼ ਹੈ ਅਤੇ ਦੂਰ-ਦੂਰ ਤੱਕ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ ਜਦਕਿ ਵਾਰ-ਵਾਰ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਕੱਲ ਵੀ ਉਹ ਇੱਕ ਵੀਡੀਓ ਜਾਰੀ ਕਰਨਗੇ ਜਿਸ ਵਿੱਚ ਉਹ ਵਿਖਾਉਣਗੇ ਕਿ ਦਿਵਾਲੀ ਦੀ ਵਜ੍ਹਾ ਕਰਕੇ ਕਿੰਨਾਂ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਪਰ ਪਟਾਖਿਆਂ ‘ਤੇ ਰੋਕ ਲਗਾਉਣ ਦੀ ਥਾਂ ਸਰਕਾਰਾਂ ਚੁੱਪ ਰਹਿੰਦੀਆਂ ਹਨ। ਉਨ੍ਹਾਂ ਕਿਹਾ ਪਰਾਲੀ ਨਾਲ ਸਿਰਫ਼ 5 ਤੋਂ 6 ਫੀਸਦੀ ਹੀ ਪ੍ਰਦੂਸ਼ਣ ਹੁੰਦਾ ਹੈ ਜਦਕਿ ਪ੍ਰਦੂਸ਼ਣ ਦੇ ਲਈ ਪੂਰੀ ਜ਼ਿੰਮੇਵਾਰੀ ਕਿਸਾਨਾਂ ਦੇ ਸਿਰ ‘ਤੇ ਪਾ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਪਰਾਲੀ ਦੇ ਧੂੰਏਂ ਦੇ ਲਈ ਸਰਕਾਰ ਦੀ ਨੀਤੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ ਲੋਕਾਂ ਨੂੰ ਵੀ ਖ਼ਾਸ ਅਪੀਲ ਕੀਤੀ ।

‘ਸਰਕਾਰ ਪਰਾਲੀ ਸਾੜਨ ਲਈ ਜ਼ਿੰਮੇਵਾਰ’

BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਪਰਾਲੀ ਸਾੜਨ ਲਈ ਸਰਕਾਰ ਦੀਆਂ ਨੀਤੀਆਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਹੈ। ਸਰਕਾਰ ਝੋਨੇ ਦੀ ਅਗੇਤੀ ਬਿਜਾਈ ਕਰਨ ਨਹੀਂ ਦਿੰਦੀ ਹੈ । ਇਸ ਦੀ ਵਜ੍ਹਾ ਕਰਕੇ ਕਣਕ ਲਾਉਣ ਲਈ ਘੱਟ ਸਮਾਂ ਹੁੰਦਾ ਹੈ ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜ਼ਬੂਰ ਹੁੰਦੇ ਹਨ। ਸਿਰਫ਼ ਇੰਨਾਂ ਹੀ ਨਹੀਂ ਵੀਡੀਓ ਦੇ ਜ਼ਰੀਏ ਉਨ੍ਹਾਂ ਨੇ ਵਿਖਾਇਆ ਕਿ ਪਰਾਲੀ ਸੜਨ ਨਾਲ ਪੰਜਾਬ ਦਾ ਵਾਤਾਵਰਣ ਸਾਫ਼ ਹੈ ਜਦਕਿ ਦਿੱਲੀ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ । ਉਨ੍ਹਾਂ ਕਿਹਾ ਹੁਣ ਦਿੱਲੀ ਸਰਕਾਰ ਦੱਸੇ ਕਿ ਰਾਜਧਾਨੀ ਵਿੱਚ ਹੋਏ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਹੈ ? ਡੱਲੇਵਾਲ ਨੇ ਦਿਵਾਲੀ ਦੌਰਾਨ ਪਟਾਖੇ ਚਲਾਉਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ।

ਪਟਾਖੇ ਚਲਾਉਣ ਵਾਲਿਆਂ ਨੂੰ ਡੱਲੇਵਾਲ ਦੀ ਅਪੀਲ

BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਦਿਵਾਲੀ ਅਤੇ ਬੰਦੀ ਛੋੜ ਦਿਹਾੜੀ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਅਪੀਲ ਕੀਤੀ ਕਿ ਪਟਾਖੇ ਨਾ ਚਲਾਉਣ,ਉਨ੍ਹਾਂ ਕਿਹਾ ਬਣੀ ਮਿਹਨਤ ਨਾਲ ਲੋਕ ਪੈਸੇ ਕਮਾਉਂਦੇ ਹਨ ਪਰ ਕੁਝ ਲੋਕ ਉਸ ਨੂੰ ਪਟਾਖਿਆਂ ਦੇ ਰੂਪ ਵਿੱਚ ਸਾੜ ਦਿੰਦੇ ਹਨ । ਡੱਲੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਖੇ ਚਲਾਉਣ ਦੀ ਥਾਂ ਘਰਾਂ ਵਿੱਚ ਦੀਪਮਾਲਾ ਕਰਕੇ ਦਿਵਾਲੀ ਅਤੇ ਬੰਦੀ ਛੋੜ ਦਿਹਾੜੇ ਨੂੰ ਮਨਾਉਣ ।