Punjab Religion

ਕੜਾਕੇ ਦੀ ਠੰਢ ਤੋਂ ਬਚਣ ਲਈ ਸ੍ਰੀ ਦਰਬਾਰ ਸਾਹਿਬ ’ਚ ਵਿਸ਼ੇਸ਼ ਪ੍ਰਬੰਧ….

Special arrangement in Sri Darbar Sahib to avoid cold

ਅੰਮ੍ਰਿਤਸਰ : ਸੰਘਣੀ ਧੁੰਦ ਅਤੇ ਸ਼ੀਤ ਲਹਿਰ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਸੜਕਾਂ ‘ਤੇ ਸੰਘਣੀ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸੇ ਦੌਰਾਨ ਕੜਾਕੇ ਦੀ ਠੰਢ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਜਿਸ ਮੱਦੇਨਜ਼ਰ ਪ੍ਰਬੰਧਕਾਂ ਵੱਲੋਂ ਇੱਥੇ ਠੰਢ ਤੋਂ ਬਚਣ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

-ਗੁਰੂਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੇ ਪੈਰ ਧੋਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।

-ਸ੍ਰੀ ਹਰਿਮੰਦਰ ਸਾਹਿਬ ਦੀ ਸਮੁੱਚੀ ਪਰਿਕਰਮਾ ਵਿੱਚ ਹਰੇ ਰੰਗ ਦੇ ਮੈਟ ਵਿਛਾਏ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਪਰਿਕਰਮਾ ਵਿੱਚ ਚੱਲਣ ਸਮੇਂ ਠੰਢ ਤੋਂ ਬਚਾਇਆ ਜਾ ਸਕੇ। ਦਰਸ਼ਨੀ ਡਿਉੜੀ ਤੋਂ ਲੈ ਕੇ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ, ਪਹਿਲੀ ਤੇ ਦੂਜੀ ਮੰਜ਼ਿਲ ਤੇ ਵਿਸ਼ੇਸ਼ ਨਵੇਂ ਮੋਟੇ ਗਲੀਚੇ ਵਿਛਾਏ ਗਏ ਹਨ। ਸ਼੍ਰੀ ਅਕਾਲ ਤਖਤ ਅਤੇ ਇਸ ਦੇ ਨੇੜਲੇ ਗੁਰਦੁਆਰਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਗਲੀਚੇ ਵਿਛਾਏ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀਆਂ ਉਪਰਲੀਆਂ ਮੰਜ਼ਿਲਾਂ ’ਤੇ ਬਣੀਆਂ ਖਿੜਕੀਆਂ ਨੂੰ ਬੰਦ ਰੱਖਿਆ ਜਾ ਰਿਹਾ ਹੈ।

-ਪਰਿਕਰਮਾ ਤੇ ਵਰਾਂਡਿਆਂ ’ਚ ਸ਼ਰਧਾਲੂਆਂ ਦੇ ਬੈਠਣ ਲਈ ਵਿਸ਼ੇਸ਼ ਗਲੀਚੇ ਵਿਛਾਏ ਗਏ ਹਨ। ਪਰਿਕਰਮਾ ਤੋਂ ਬਾਹਰ ਚਾਰੋ ਪਾਸੇ ਬਣੇ ਗੇਟਾਂ ਦੇ ਕੋਲ ਚਾਹ ਦੇ ਲੰਗਰ ਵੀ ਚੱਲ ਰਹੇ ਹਨ। ਲੰਗਰ ਹਾਲ ਵਿੱਚ ਵੀ ਵਿਸ਼ੇਸ਼ ਮੈਟ ਵਿਛਾਏ ਜਾ ਰਹੇ ਹਨ।

ਪਿਛਲੇ ਲਗਭਗ ਤਿੰਨ ਹਫ਼ਤਿਆਂ ਤੋਂ ਪੈ ਰਹੀ ਹੱਡ-ਚੀਰਵੀਂ ਠੰਢ ਤੇ ਧੁੰਦ ਕਾਰਨ ਗੁਰੂਘਰ ਵਿਖੇ ਨਤਮਸਤਕ ਹੋਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਘਟੀ ਹੈ। ਪ੍ਰਬੰਧਕਾਂ ਮੁਤਾਬਕ ਨੇੜਲੇ ਇਲਾਕਿਆਂ ਤੇ ਪੰਜਾਬ ਵਿਚਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ ਪਰ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘਟੀ ਹੈ।

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕੇ ਪਹਿਲਾਂ ਆਮ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਲਈ ਲਗਪਗ ਅੱਠ ਕੁਇੰਟਲ ਤੋਂ ਵੱਧ ਦੇਸੀ ਘਿਓ ਦੀ ਵਰਤੋਂ ਹੋ ਰਹੀ ਸੀ ਪਰ ਇਸ ਵੇਲੇ ਪੰਜ ਕੁਇੰਟਲ ਦੇਸੀ ਘਿਓ ਦੀ ਵਰਤੋਂ ਹੋ ਰਹੀ ਹੈ।