Others

ਪਾਕਿਸਤਾਨ ਪਹੁੰਚੇ ਸਿੱਖ ਸ਼ਰਧਾਲੂਆਂ 10 ਘੰਟਿਆਂ ਤੋਂ ਭੁੱਖੇ ਸੜਕ ‘ਤੇ ਪਰੇਸ਼ਾਨ,ਵੀਡੀਓ ਬਣਾਕੇ SGPC ਤੋਂ ਮੰਗੀ ਮਦਦ

Sgpc pakistan sikh jatha on road

ਵਾਘਾ ਸਰਹੱਦ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ sgpc ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਿਆ ਗਿਆ ਸੀ । ਪਰ ਵਾਘਾ ਸਰਹੱਦ ਤੋਂ ਬਦਇੰਤਜ਼ਾਮੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਸ਼ਿੰਗਾਰਾ ਸਿੰਘ ਨਾਂ ਦੇ ਸ਼ਰਧਾਲੂ ਨੇ ਬਣਾਇਆ ਹੈ ਇਸ ਵਿੱਚ ਉਹ ਦੱਸ ਰਿਹਾ ਹੈ ਕਿ ਸਵੇਰ 5 ਵਜੇ ਤੋਂ ਸ਼ਰਧਾਲੂ ਘਰਾਂ ਤੋ ਚੱਲੇ ਸਨ ਅਤੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਸੜਕ ਦੇ ਕਿਨਾਰੇ ਬੈਠੇ ਹਨ ਅਤੇ ਰਾਤ ਦੇ 8 ਵਜ ਚੁੱਕੇ ਹਨ ਉਨ੍ਹਾਂ ਨੂੰ ਇੱਥੇ ਹੀ ਬਿਠਾਇਆ ਗਿਆ ਹੈ। ਪੂਰਾ ਦਿਨ ਗੁਜ਼ਰ ਚੁੱਕਿਆ ਹੈ ਖਾਣ-ਪੀਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਉਸ ਨੇ SGPC ਤੋਂ ਸ਼ਰਧਾਲੂਆਂ ਦੇ ਲਈ ਮਦਦ ਮੰਗੀ ਹੈ ਅਤੇ ਨਾਲ ਹੀ ਨਸੀਹਤ ਦਿੱਤੀ ਹੈ ਕਿ ਬਿਨਾਂ ਇੰਤਜ਼ਾਮਾਂ ਦੇ ਕਮੇਟੀ ਨੇ ਆਖਿਰ ਕਿਵੇਂ ਸ਼ਰਧਾਲੂਆਂ ਨੂੰ ਪਰੇਸ਼ਾਨ ਹੋਣ ਲਈ ਛੱਡ ਦਿੱਤਾ ਹੈ । ਅਟਾਰੀ ਸਰਹੱਦ ਪਾਰ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਲਿਜਾਉਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ । ਇੰਨਾਂ ਵਿੱਚੋਂ ਕੋਈ ਵੀ ਸ਼ਰਧਾਲੂਆਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਹੈ । ਅਜਿਹਾ ਮਾਮਲਾ ਸ਼ਾਇਦ ਪਹਿਲੀ ਵਾਰ ਸਾਹਮਣੇ ਆਇਆ ਹੈ। ਇਹ ਸਾਰੇ ਸ਼ਰਧਾਲੂ ਅਟਾਰੀ ਸਰਹੱਦ ਪਾਰ ਕਰਕੇ ਵਾਘਾ ਰੇਲਵੇ ਸਟੇਸ਼ਨ ਦੇ ਸਾਹਮਣੇ ਸੜਕੇ ‘ਤੇ ਬੈਠੇ ਹੋਏ ਹਨ। ਉਮੀਦ ਹੈ ਸ਼ਰਧਾਲੂਆਂ ਦੀ ਪਰੇਸ਼ਾਨੀ ਦਾ ਵੀਡੀਓ SGPC ਦੇ ਸਾਹਮਣੇ ਜ਼ਰੂਰ ਪਹੁੰਚੇਗਾ ਅਤੇ ਇੰਨਾਂ ਦੇ ਲਈ ਕਮੇਟੀ ਜ਼ਰੂਰੀ ਇੰਤਜਾਮ ਕਰੇਗੀ ।

ਸ਼੍ਰੀ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮਨਾਉਣ ਜਾਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆ ਦਾ ਜੱਥਾ ਐਤਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ ਸੀ । ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਜੱਥੇ ਵਿੱਚ 910 ਸ਼ਰਧਾਲੂਆਂ ਦੇ ਵੀਜ਼ੇ ਪ੍ਰਾਪਤ ਹੋਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਸੀ ਕਿ 1496 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਸਫਾਰਤਖਾਨੇ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਸਫ਼ਾਰਤਖ਼ਾਨੇ ਨੇ 910 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਸੀ। 586 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ਾ ਨਹੀਂ ਦਿੱਤਾ ਸੀ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮਾਸਟਰ ਪ੍ਰੀਤ ਸਿੰਘ ਕਰ ਰਹੇ ਹਨ ਜਦ ਕਿ ਜਥੇ ਦੇ ਪ੍ਰਬੰਧਕ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਇੰਚਾਰਜ ਵਰਿੰਦਰ ਸਿੰਘ ਠਰੂ ਅਤੇ ਹਰਪਾਲ ਸਿੰਘ ਭੇਜਿਆ ਗਿਆ ਹੈ ।