ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸਰਕਾਰੀ ਬੱਸਾਂ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ ਹੈ। ਸਵੇਰ ਸਮੇਂ ਤੋਂ ਹੀ ਬੱਸ ਅੱਡਿਆਂ ਵਿੱਚੋਂ ਬੱਸਾਂ ਬਾਹਰ ਨਹੀਂ ਨਿਕਲੀਆਂ। ਮੁਲਾਜ਼ਮ ਯੂਨੀਅਨ ਵੱਲੋਂ ਪਟਿਆਲਾ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਦੂਜੇ ਬੰਨੇ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ।
ਮੁਲਾਜ਼ਮ ਯੂਨੀਅਨ ਦੇ ਲੀਡਰਾਂ ਨੇ ਕਿਹਾ ਕਿ ਸਰਕਾਰ ਸਿਰਫ ਮੀਟਿੰਗਾਂ ਕਰਦੀ ਹੈ, ਮੀਟਿੰਗਾਂ ਵਿੱਚ ਲਾਰਿਆਂ ਤੋਂ ਇਲਾਵਾ ਪੱਲੇ ਕੁਝ ਨਹੀਂ ਪੈਂਦਾ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਕੱਚੇ ਮੁਲਾਜ਼ਮ ਆਪਣੀਆਂ ਸੇਵਾਵਾਂ ਪੱਕੀਆਂ ਕਰਾਉਣ ਦੀ ਮੰਗ ਨੂੰ ਲੈ ਕੇ ਅੰਦੋਲਨ ਕਰਦੇ ਆ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਲਾਰਿਆਂ ਤੋਂ ਬਿਨਾਂ ਅੱਜ ਤੱਕ ਕੁਝ ਪੱਲੇ ਨਹੀਂ ਪਾਇਆ। ਕੱਚੇ ਮੁਲਾਜ਼ਮ ਯੂਨੀਅਨ ਦੇ ਸੱਦੇ ਉਤੇ 6 ਸਤੰਬਰ ਤੋਂ ਸਾਰੇ ਕੱਚੇ ਮੁਲਾਜ਼ਮ ਹੜਤਾਲ ਉਤੇ ਚੱਲ ਰਹੇ ਹਨ।