Punjab

ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੰਟਰੈਕਟ ਵਰਕਰਾਂ ਦੀ ਮੁੱਖ ਸਕੱਤਰ ਨਾਲ ਮੀਟਿੰਗ ਅੱਜ

Punjab Roadways Employees protest

ਮੁਹਾਲੀ : ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਅੱਜ ਮੁੱਖ ਸਕੱਤਰ (ਸੀਐਸ) ਵਿਜੇ ਕੁਮਾਰ ਜੰਜੂਆ ਨਾਲ ਮੀਟਿੰਗ ਕਰੇਗੀ। ਉਨ੍ਹਾਂ ਨੂੰ ਮੌਜੂਦਾ ਕਰਮਚਾਰੀਆਂ ਦੀਆਂ ਸਾਰੀਆਂ ਮੰਗਾਂ ਅਤੇ ਅਣ-ਸਿਖਿਅਤ ਡਰਾਈਵਰਾਂ ਦੀ ਆਊਟਸੋਰਸ ਭਰਤੀ ਸਬੰਧੀ ਸੀ.ਐਸ. ਨੂੰ ਦਸਤਾਵੇਜ਼ ਦਿਖਾਉਣ ਸਮੇਤ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ।

ਇਹ ਮੀਟਿੰਗ ਦੁਪਹਿਰ ਨੂੰ ਹੋਵੇਗੀ। ਜੇਕਰ ਇਸ ‘ਚ ਸਮਝੌਤਾ ਹੋ ਜਾਂਦਾ ਹੈ ਤਾਂ ਹੜਤਾਲ ਆਮ ਲੋਕਾਂ ‘ਤੇ ਪਏ ਡੂੰਘੇ ਸਫ਼ਰੀ ਸੰਕਟ ਨੂੰ ਟਾਲ ਸਕਦੀ ਹੈ ਪਰ ਜੇਕਰ ਸਮਝੌਤਾ ਨਾ ਹੋਇਆ ਤਾਂ ਮਾਝਾ ਅਤੇ ਦੁਆਬੇ ਤੋਂ ਬਾਅਦ ਹੁਣ ਮਾਲਵਾ ਪੱਟੀ ‘ਚ ਚੱਲ ਰਹੀਆਂ ਪੀਆਰਟੀਸੀ ਦੀਆਂ ਬੱਸਾਂ ਦੇ ਪਹੀਆਂ ਨੂੰ ਵੀ ਬ੍ਰੇਕ ਲੱਗ ਸਕਦੀ ਹੈ।

ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕਰੀਬ 2900 ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਚੌਥਾ ਦਿਨ ਹੈ। ਬੀਤੀ 18 ਦਸੰਬਰ ਨੂੰ ਯੂਨੀਅਨ ਦੀ ਸੂਬਾਈ ਮੀਟਿੰਗ ਲੁਧਿਆਣਾ ਵਿਖੇ ਹੋਈ। ਇਸ ਵਿੱਚ ਮੁੱਖ ਸਕੱਤਰ ਨਾਲ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਗਿਆ। ਜੇਕਰ ਮੀਟਿੰਗ ਵਿੱਚ ਸਹਿਮਤੀ ਨਾ ਬਣੀ ਤਾਂ ਯੂਨੀਅਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰੇਗੀ ਅਤੇ ਪੀਆਰਟੀਸੀ ਦੀ ਬੱਸ ਸੇਵਾ ਬੰਦ ਕਰ ਦੇਵੇਗੀ।

ਦੱਸ ਦਈਏ ਕਿ ਹੜ੍ਹਤਾਲੀ ਮੁਲਾਜ਼ਮ ਵਿਭਾਗ ਵਿੱਚ ਆਊਟਸੋਰਸਿੰਗ ਰਾਹੀਂ ਭਰਤੀ ਦਾ ਵਿਰੋਧ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮਹਿਕਮਾ ਇਸ ਤਰੀਕੇ ਨਾਲ ਹੋਈ ਭਰਤੀ ਨੂੰ ਰੱਦ ਕਰੇ ਤੇ ਦੁਬਾਰਾ ਪੱਕੀ ਭਰਤੀ ਕੀਤੀ ਜਾਵੇ।

ਯੂਨੀਅਨ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਅਤੇ ਖਾਸ ਕਰਕੇ ਮੁਫਤ ਸਫਰ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ। ਰੋਡਵੇਜ਼ ਯੂਨੀਅਨ ਦੀ ਸੂਬਾ ਸਰਕਾਰ ਨਾਲ 16 ਦਸੰਬਰ ਨੂੰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਦੇ ਨਾ ਚੱਲਣ ਕਾਰਨ ਕਈ ਜ਼ਿਲ੍ਹਿਆਂ ਦੇ ਲੋਕ ਪ੍ਰੇਸ਼ਾਨ ਹਨ। ਲੋਕ ਪ੍ਰਾਈਵੇਟ ਟੈਕਸੀਆਂ ਅਤੇ ਹੋਰ ਮਹਿੰਗੇ ਸਾਧਨ ਵਰਤਣ ਲਈ ਮਜਬੂਰ ਹਨ।