Punjab

ਅੱਜ ਦਾ ਦਿਨ ਰਿਹਾ ਧਰਨਿਆਂ ਦੇ ਨਾਂ,ਖੇਤ ਮਜ਼ਦੂਰਾਂ ‘ਤੇ ਵਰੀਆਂ ਲਾਠੀਆਂ,ਰੋਡਵੇਜ਼ ਮੁਲਾਜ਼ਮਾਂ ਨੇ ਕੀਤੀਆਂ ਗੇਟ ਰੈਲੀਆਂ

ਸੰਗਰੂਰ : ਪੰਜਾਬ ਵਿੱਚ ਅੱਜ ਦੇ ਦਿਨ ਅਲੱਗ ਅਲੱਗ ਥਾਵਾਂ ‘ਤੇ ਲੱਗੇ ਧਰਨਿਆਂ ਦੇ ਨਾਂ ਰਿਹਾ ਹੈ। ਅੱਜ ਜਿਥੇ ਇੱਕ ਪਾਸੇ ਖੇਤ ਮਜ਼ਦੂਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਕਿ ਦੂਜੇ ਪਾਸੇ ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਗੇਟ ਰੈਲੀਆਂ ਕੀਤੀਆਂ ਹਨ।

ਖੇਤ ਮਜ਼ਦੂਰ ਯੂਨੀਅਨ ਨੇ ਲਾਇਆ ਸੰਗਰੂਰ ‘ਚ ਧਰਨਾ

ਸੰਗਰੂਰ ‘ਚ ਖੇਤ ਮਜ਼ਦੂਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਮਾਨ ਦੀ ਸੰਗਰੂਰ ਰਿਹਾਇਸ਼ ਨੂੰ ਘੇਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਸੀ,ਜਿਸ ਤੇ ਅਮਲ ਕਰਦਿਆਂ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰ ਧਰਨਾ ਲਾ ਦਿੱਤਾ ਤੇ ਰੈਲੀ ਕੀਤੀ। ਇਸ ਤੋਂ ਇਲਾਵਾ ਸੰਗਰੂਰ-ਪਟਿਆਲਾ ਸੜ੍ਹਕ ਵੀ ਜਾਮ ਕੀਤੀ ਗਈ ਸੀ।

ਸਰਕਾਰ ਦੇ ਖਿਲਾਫ ਨਾਅਰਾਬਾਜ਼ੀ ਕਰਦਿਆਂ ਯੂਨੀਅਨ ਨੇ ਇਸ ਮਗਰੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਨ ਦੀ ਤਿਆਰੀ ਕਰ ਲਈ ਤੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੀ ਮੁਸਤੈਦ ਹੋ ਗਈ।

ਸੁਰੱਖਿਆ ਬੱਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ,ਜਿਸ ਦੇ ਨਤੀਜੇ ਵਜੋਂ  ਪ੍ਰਸ਼ਾਸਨ ਤੇ ਮੁਜ਼ਾਹਰਾ ਕਰ ਰਹੇ ਧਰਨਾਕਾਰੀਆਂ ਵਿੱਚ ਝੜਪ ਹੋ ਗਈ ਤੇ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕਰ ਦਿੱਤਾ,ਜਿਸ ਦੌਰਾਨ ਕਈਆਂ ਨੂੰ ਸੱਟਾਂ ਵੀ ਲਗੀਆਂ ਹਨ। ਇਸ ਤੋਂ ਬਾਅਦ ਨਾਅਰੇਬਾਜ਼ੀ ਕਰਨ ਵਾਲੇ ਉਥੇ ਹੀ ਬੈਠ ਗਏ।

ਧਰਨਾਕਾਰੀਆਂ ਦੇ ਅਨੁਸਾਰ ਹਰ ਵਾਰ ਪ੍ਰਸ਼ਾਸਨ ਉਹਨਾਂ ਨੂੰ ਭਰੋਸਾ ਦੇ ਕੇ ਤੋਰ ਦਿੰਦਾ ਹੈ ਪਰ ਕਾਰਵਾਈ ਕਦੇ ਨਹੀਂ ਹੁੰਦੀ। ਇਸ ਲਈ ਉਹਨਾਂ ਨੂੰ ਇਹ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪੰਜਾਬ ਰੋਡਵੇਜ਼ ਦੀਆਂ ਗੇਟ ਰੈਲੀਆਂ

ਇੱਕ ਪਾਸੇ ਖੇਤ ਮਜ਼ਦੂਰ ਔਖੇ ਹਨ ,ਉਥੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਵੀ ਅੱਜ ਰੋਸ ਪ੍ਰਦਰਸ਼ਨ ਦੇ ਤੋਰ ‘ਤੇ ਸੂਬੇ ਭਰ ‘ਚ ਗੇਟ ਰੈਲੀਆਂ ਕੀਤੀਆਂ ਹਨ । ਉਹਨਾਂ ਸਰਕਾਰ ‘ਤੇ ਵਾਅਦਾ ਖਿਲਾਫ਼ੀ ਦਾ ਲਾਇਆ ਇਲਜ਼ਾਮ ਲਗਾਇਆ ਹੈ ਤੇ ਦਾਅਵਾ ਕੀਤਾ ਹੈ ਕਿ 14 ਨਵੰਬਰ ਨੂੰ ਹੋਈ ਮੀਟਿੰਗ ‘ਚ ਮੰਨੀਆਂ ਮੰਗਾਂ ਅਜੇ ਵੀ ਲਾਗੂ ਨਹੀਂ ਕੀਤੀਆਂ ਗਈਆਂ ਹਨ।

ਯੂਨੀਅਨ ਦੇ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਹੈ ਕਿ ਬਟਾਲੇ ਦੇ ਕੰਡਕਟਰ ਨੂੰ ਬਹਾਲ ਕਰਨ ਅਤੇ ਫਿਰੋਜ਼ਪੁਰ ਦੇ ਕੰਡਕਟਰਾਂ ਦਾ ਤਬਾਦਲਾ ਰੱਦ ਕੀਤੇ ਜਾਣ ਦਾ ਭਰੋਸਾ ਮਿਲਿਆ ਸੀ ਪਰ ਅਜੇ ਤੱਕ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ ਹੈ । ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਗੋਰ ਨਹੀਂ ਕਰਦੀ ਹੈ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।