Punjab

ਫ੍ਰੀ ਬਿਜਲੀ ਨੇ ਪੰਜਾਬ ਦੇ ਖਜ਼ਾਨੇ ਦੀ ਚਿੰਤਾ ਵਧਾਈ,ਹਰ ਘੰਟੇ 2 ਕਰੋੜ ਦਾ ਬੋਝ ! ਇਸ ਅਦਾਰੇ ਨੇ ਕੀਤੀ ਵੱਡੀ ਭਵਿੱਖਵਾਣੀ

ਬਿਊਰੋ ਰਿਪੋਰਟ : ਮਾਨ ਸਰਕਾਰ ਵੱਲੋਂ 300 ਯੂਨਿਟ ਫ੍ਰੀ ਬਿਜਲੀ ਦੇਣ ਦੇ ਫੈਸਲੇ ਨਾਲ PSPCL ਦੀ ਮਾਲੀ ਹਾਲਤ ਨੂੰ ਲੈਕੇ ਜਿਹੜੇ ਅੰਕੜੇ ਸਾਹਮਣੇ ਆਏ ਹਨ ਉਹ ਡਰਾਉਣ ਵਾਲੇ ਹਨ । ਦੱਸਿਆ ਜਾ ਰਿਹਾ ਹੈ ਕਿ ਸੂਬੇ ਦੀ ਜਨਤਾ ਨੂੰ ਫ੍ਰੀ ਬਿਜਲੀ ਦੇਣ ਦੀ ਵਜ੍ਹਾ ਕਰਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਹਰ ਘੰਟੇ 2 ਕਰੋੜ ਦਾ ਬੋਝ ਝਲਨਾ ਪੈ ਰਿਹਾ ਹੈ । ਇਸ ਦੀ ਵਜ੍ਹਾ ਕਰਕੇ ਹਰ ਇੱਕ ਘਰ ਨੂੰ 1200 ਰੁਪਏ ਦੀ ਹਰ ਮਹੀਨੇ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ। ਆਉਣ ਵਾਲੇ ਕੁਝ ਹੀ ਸਮੇਂ ਵਿੱਚ ਇਹ ਵੱਧ ਕੇ 1400 ਰੁਪਏ ਮਹੀਨੇ ਹੋ ਜਾਵੇਗਾ । ਪੰਜਾਬ ਸਰਕਾਰ ਨੇ ਆਪਣੇ ਸਲਾਨਾ ਬਜਟ ਵਿੱਚ ਦੱਸਿਆ ਸੀ ਕਿ ਉਹ PSPCL ਨੂੰ ਹਰ ਸਾਲ 15,845 ਕਰੋੜ ਸਬਸਿਡੀ ਦੇ ਰੂਪ ਵਿੱਚ ਦੇਵੇਗੀ ਜਿਸ ਵਿੱਚ ਕਿਸਾਨਾਂ,ਸਨਅਤਾਂ ਅਤੇ 300 ਯੂਨਿਟ ਫ੍ਰੀ ਬਿਜਲੀ ਦੀ ਸਬਸਿਡੀ ਸ਼ਾਮਲ ਹੈ ।

PSPCL ਦੇ ਅਧਿਕਾਰੀਆਂ ਮੁਤਾਬਿਕ ਹਰ ਮਹੀਨੇ 300 ਯੂਨਿਟ ਸਬਸਿਡੀ ਦਾ ਬੋਝ 200 ਕਰੋੜ ਹੈ । ਜੋ ਕਿ ਵੱਧ ਕੇ 250 ਕਰੋੜ ਹੋਣ ਜਾ ਰਿਹਾ ਹੈ । ਗਰਮੀਆਂ ਦੌਰਾਨ ਇਹ ਬੋਝ ਹੋਰ ਵੱਧਣ ਵਾਲਾ ਹੈ ਜਦੋਂ ਬਿਜਲੀ ਦੀ ਮੰਗ ਜ਼ਿਆਦਾ ਹੁੰਦੀ ਹੈ । ਪੰਜਾਬ ਪਾਵਰ ਕਾਮ ਮੁਤਾਬਿਕ ਸਰਦੀਆਂ ਵਿੱਚ ਹਰ ਇੱਕ ਘਰ ਵਿੱਚ ਤਕਰੀਨਬ 150 ਤੋਂ 180 ਯੂਨਿਟ ਬਿਜਲੀ ਖਰਚ ਹੋ ਰਹੀ ਹੈ । ਜਿਸ ਦੇ ਇੱਕ ਯੂਨਿਟ ‘ਤੇ ਖਰਚ 7 ਰੁਪਏ ਆ ਰਿਹਾ ਹੈ । ਇਹ ਬੋਝ ਪੰਜਾਬ ਸਰਕਾਰ ਦੇ ਖਜ਼ਾਨੇ ‘ਤੇ ਹੋਲੀ-ਹੋਲੀ ਛੇਦ ਕਰ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਪੰਜਾਬ ਵਿੱਚ 2021 ਤੱਕ 2 ਲੱਖ 20 ਹਜ਼ਾਰ ਬਿਜਲੀ ਦੇ ਕੁਨੈਕਸ਼ਨ ਸਨ ਜੋ ਕਿ ਇਸ ਸਾਲ ਵੱਧ ਕੇ 2 ਲੱਖ 94 ਹਜ਼ਾਰ ਹੋ ਗਏ ਹਨ । ਕਈ ਖਪਤਕਾਰਾਂ ਨੇ 300 ਯੂਨਿਟ ਸਬਸਿਡੀ ਦੇ ਚੱਕਰ ਵਿੱਚ ਫਲੋਰ ਦੇ ਹਿਸਾਬ ਨਾਲ 2 ਤੋਂ 3 ਮੀਟਰ ਲਗਵਾਏ ਹਨ । ਜਿਸ ਦੀ ਵਜ੍ਹਾ ਕਰਕੇ PSPCL ‘ਤੇ ਬੋਝ ਵਧਿਆ ਹੈ ।

ਪਿਛਲੇ ਸਾਲ ਜਦੋਂ ਤਤਕਾਲੀ ਚੰਨੀ ਸਰਕਾਰ ਨੇ ਬਿਜਲੀ ਦੇ 7 ਕਿਲੋ ਵਾਰਟ ਲੋਡ ਦਾ ਰੇਟ 3 ਰੁਪਏ ਫੀ ਯੂਨਿਟ ਘਟਾ ਦਿੱਤਾ ਸੀ ਤਾਂ ਕਈ ਖਪਤਕਾਰਾਂ ਨੇ ਬਿਜਲੀ ਦਾ ਲੋਡ 7 ਕਿਲੋ ਤੋਂ ਘੱਟ ਕਰ ਦਿੱਤਾ ਸੀ । ਟ੍ਰਿਬਿਊਨ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ ਆਲ ਇੰਡੀਆ ਪਾਵਰ ਇੰਜੀਨਰਿੰਗ ਫੈਡਰੇਸ਼ਨ ਨੇ ਕਿਹਾ ਹੈ ਭਾਵੇ ਹੁਣ ਖਤਤਕਾਰਾਂ ਨੂੰ 300 ਰੁਪਏ ਫ੍ਰੀ ਬਿਜਲੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਨਾਲ ਸੂਬੇ ਦੀ ਮਾਲੀ ਹਾਲਤ ਵਿਗੜੇਗੀ ਉਸ ਤੋਂ ਬਾਅਦ ਜਿਹੜਾ ਬੋਝ ਖਪਤਕਾਰਾਂ ਦੇ ਸਿਰ ‘ਤੇ ਪਏਗਾ ਉਸ ਦਾ ਸਾਹਮਣਾ ਕਰਨਾ ਮੁਸ਼ਕਿਲ ਹੋਵੇਗਾ । ਪੰਜਾਬ ਵਿੱਚ ਇਸ ਵਕਤ 73.50 ਲੱਖ ਘਰੇਲੂ ਖਪਤਕਾਰਾਂ ਦਾ 87 ਫੀਸਦੀ ਬਿਲ ਜ਼ੀਰੋ ਆ ਰਿਹਾ ਹੈ। ਪੰਜਾਬ ਵਰਗੇ ਸੂਬੇ ਜਿੱਥੇ ਪਹਿਲਾਂ ਹੀ ਕਰਜ਼ਾ 3 ਲੱਖ ਕਰੋੜ ਤੋਂ ਵੱਧ ਹੋ ਗਿਆ ਹੈ ਉਧਰ ਵੱਧ ਰਹੇ ਫ੍ਰੀ ਬਿਜਲੀ ਦੇ ਬੋਝ ਨਾਲ ਮਾਲੀ ਹਾਲਤ ਹੋਰ ਖਰਾਬ ਹੋ ਸਕਦੀ ਹੈ ।