International

ਸਭ ਤੋਂ ਘੱਟ ਉਮਰ ‘ਚ ਨਿਊਜ਼ੀਲੈਂਡ ਦੀ PM ਬਣੀ Jacinda Ardern ਹੁਣ ਦੇਵੇਗੀ ਅਸਤੀਫਾ਼ , ਦੱਸਿਆ ਇਹ ਕਾਰਨ

PM Jacinda Ardern to Resign:

ਵੇਲਿੰਗਟਨ : ਨਿਊਜ਼ੀਲੈਂਡ ( new zealand ) ‘ਚ ਹੋਣ ਵਾਲੀਆਂ ਅਗਾਮੀ ਆਮ ਚੋਣਾਂ ‘ਚ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ( PM Jacinda Ardern  ) ਖੁਦ ਨੂੰ ਬੈਲਟ ਬਾਕਸ ਤੋਂ ਦੂਰ ਰੱਖਣ ਦੀ ਯੋਜਨਾ ਬਣਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਜੈਸਿੰਡਾ ਆਰਡਰਨ ਨੇ ਵੀਰਵਾਰ ਨੂੰ ਇਕ ਟੈਲੀਵਿਜ਼ਨ ਬਿਆਨ ‘ਚ ਕਿਹਾ ਕਿ ਉਹ ਹੁਣ ਪ੍ਰਧਾਨ ਮੰਤਰੀ ਬਣਨ ‘ਚ ਦਿਲਚਸਪੀ ਨਹੀਂ ਰੱਖਦੀ।

ਇਸ ਦੌਰਾਨ ਉਸ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਨਹੀਂ ਲੜੇਗੀ, ਪਰ ਉਹ ਜਾਣਦੀ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਇਸ ਸਾਲ ਅਤੇ ਚੋਣਾਂ ਤੱਕ ਸਰਕਾਰ ਦੇ ਧਿਆਨ ਵਿੱਚ ਰਹਿਣਗੇ। ਆਰਡਰਨ ਨੇ ਦੱਸਿਆ ਕਿ 14 ਅਕਤੂਬਰ ਨੂੰ ਆਮ ਚੋਣਾਂ ਹੋਣੀਆਂ ਹਨ।

ਆਰਡਰਨ ਨੇ ਦੱਸਿਆ ਕਿ ਉਹ 7 ਫਰਵਰੀ ਤੋਂ ਪਹਿਲਾਂ ਲੇਬਰ ਪਾਰਟੀ ਦੇ ਨੇਤਾ ਦਾ ਅਹੁਦਾ ਛੱਡ ਦੇਵੇਗੀ। ਉਨ੍ਹਾਂ ਦੀ ਥਾਂ ‘ਤੇ ਕਿਸੇ ਹੋਰ ਆਗੂ ਨੂੰ ਚੁਣਨ ਲਈ ਆਉਣ ਵਾਲੇ ਦਿਨਾਂ ‘ਚ ਵੋਟਾਂ ਪੈਣਗੀਆਂ। ਟੀਵੀ ਇੰਟਰਵਿਊ ਦੌਰਾਨ ਉਸਨੇ ਕਿਹਾ ਕਿ ਉਸਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਭਵਿੱਖ ਬਾਰੇ ਸੋਚਣ ਲਈ ਸਮਾਂ ਕੱਢਿਆ ਸੀ।

ਦੱਸ ਦੇਈਏ ਕਿ ਆਰਡਰਨ 37 ਸਾਲ ਦੀ ਉਮਰ ‘ਚ 2017 ‘ਚ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਮਹਿਲਾ ਮੁਖੀ ਬਣ ਗਈ ਸੀ। ਉਸਨੇ ਕੋਵਿਡ -19 ਮਹਾਂਮਾਰੀ, ਕ੍ਰਾਈਸਟਚਰਚ ਮਸਜਿਦ ਗੋਲੀਬਾਰੀ ਅਤੇ ਵ੍ਹਾਈਟ ਆਈਲੈਂਡ ਜਵਾਲਾਮੁਖੀ ਫਟਣ ਦੌਰਾਨ ਆਪਣੇ ਕੰਮ ਲਈ ਸੁਰਖੀਆਂ ਬਣਾਈਆਂ।

ਇਸ ਸਾਲ ਦੀਆਂ ਆਮ ਚੋਣਾਂ ਵਿੱਚ ਆਰਡਰਨ ਦੇ ਤੀਜੇ ਕਾਰਜਕਾਲ ਦੀ ਉਮੀਦ ਸੀ, ਪਰ ਵਧਦੀ ਮਹਿੰਗਾਈ ਨੇ ਉਸ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਦੇਸ਼ ਦਾ ਕੇਂਦਰੀ ਬੈਂਕ ਇਸ ਸਾਲ ਮੰਦੀ ਦੀ ਉਮੀਦ ਕਰ ਰਿਹਾ ਹੈ। ਨਾਲ ਹੀ, ਮਹਿੰਗਾਈ ਨੂੰ ਕੰਟਰੋਲ ਕਰਨ ਲਈ, ਬੈਂਕ ਨੇ ਰਿਕਾਰਡ ਵਿਆਜ ਦਰ ਵਧਾਉਣ ਦਾ ਫੈਸਲਾ ਕੀਤਾ ਹੈ।

ਫਿਲਹਾਲ ਜ਼ਿਮਨੀ ਚੋਣ ਤੋਂ ਬਚਣ ਲਈ ਆਰਡਰਨ ਅਪ੍ਰੈਲ ਤੱਕ ਸੰਸਦ ਮੈਂਬਰ ਬਣੇ ਰਹਿਣਗੇ। ਇਸ ਦੌਰਾਨ, ਲੇਬਰ ਪਾਰਟੀ 22 ਜਨਵਰੀ ਨੂੰ ਨਵੇਂ ਨੇਤਾ ਦੀ ਚੋਣ ਕਰਨ ਲਈ ਵੋਟ ਕਰੇਗੀ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਕਿਸ ਕੋਲ ਦੋ-ਤਿਹਾਈ ਸਮਰਥਨ ਹੈ। ਜੇਕਰ ਕਿਸੇ ਕੋਲ ਉਸ ਪੱਧਰ ਦਾ ਸਮਰਥਨ ਨਹੀਂ ਹੈ, ਤਾਂ ਪਾਰਟੀ ਮੈਂਬਰ ਫੈਸਲਾ ਕਰਨਗੇ। ਉਮੀਦ ਹੈ ਕਿ ਇਹ ਪ੍ਰਕਿਰਿਆ 7 ਫਰਵਰੀ ਤੱਕ ਖਤਮ ਹੋ ਜਾਵੇਗੀ।