Lifestyle Technology

ਇਲੈਕਟ੍ਰਿਕ ਸਕੂਟੀਆਂ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ! 10 ਹਜ਼ਾਰ ਰੁਪਏ ਤੱਕ ਸਸਤੀ ਹੋਈ ਇਹ ਸਕੂਟੀ

Ola S1X Receives Up to Rs 10,000 Price Drop in Introductory Offer

ਬਿਉਰੋ ਰਿਪੋਰਟ –  ਸਰਕਾਰ ਨੇ ਇਲੈਕਟ੍ਰਿਕ ਸਕੂਟਰਾਂ ‘ਤੇ ਸਬਸਿਡੀ ਹਟਾ ਦਿੱਤੀ ਜਿਸ ਤੋਂ ਬਾਅਦ ਕਈ ਕੰਪਨੀਆਂ ਨੇ 15 ਹਜ਼ਾਰ ਤੱਕ ਕੀਮਤਾਂ ਵਧਾ ਦਿੱਤੀਆਂ ਸਨ। ਪਰ ਓਲਾ ਇਲੈਕਟ੍ਰਿਕ ਕੰਪਨੀ ਨੇ ਇਸ ਦੇ ਉਲਟ 15 ਅਪ੍ਰੈਲ ਤੋਂ ਅਪਣੇ ਐਂਟਰੀ-ਲੈਵਲ ਮਾਡਲ S1X ਦੀਆਂ ਕੀਮਤਾਂ ਵਿੱਚ 5,000 ਰੁਪਏ ਤੋਂ ਲੈ ਕੇ 10,000 ਰੁਪਏ ਤਕ ਘਟਾ ਦਿੱਤੀਆਂ ਹਨ।

ਓਲਾ ਨੇ ਇਸ ਸਾਲ ਫ਼ਰਵਰੀ ’ਚ 79,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ S1X ਮਾਡਲ ਲਾਂਚ ਕੀਤਾ ਸੀ। ਇਸ ਦੇ ਸਭ ਤੋਂ ਐਡਵਾਂਸਡ ਵੇਰੀਐਂਟ ਦੀ ਕੀਮਤ 1,09,999 ਰੁਪਏ ਸੀ। ਕੀਮਤ ਵਿੱਚ ਕਟੌਤੀ ਤੋਂ ਬਾਅਦ ਹੁਣ ਹੁਣ ਓਲਾ ਦੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਰਵਾਇਤੀ ਸਕੂਟਰ ਮਾਡਲਾਂ ਦੇ ਆਲੇ-ਦੁਆਲੇ ਪਹੁੰਚ ਗਈ ਹੈ।

ਓਲਾ ਇਲੈਕਟ੍ਰਿਕ ਦੇ ਚੀਫ਼ ਮਾਰਕੀਟਿੰਗ ਅਫ਼ਸਰ (CMO) ਅੰਸ਼ੁਲ ਖੰਡੇਲਵਾਲ ਨੇ ਅਪਣੇ ਆਨਲਾਈਨ ਸੰਬੋਧਨ ’ਚ ਕਿਹਾ ਕਿ ਇਸ ਐਂਟਰੀ ਲੈਵਲ ਸਕੂਟਰ ਦੀਆਂ ਕੀਮਤਾਂ ਤੁਰੰਤ ਪ੍ਰਭਾਵ ਨਾਲ ਘਟਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਡਿਲੀਵਰੀ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ।

ਉਨ੍ਹਾਂ ਕਿਹਾ, ‘‘ਸਾਨੂੰ ਲੱਗਦਾ ਹੈ ਕਿ ਭਾਰਤ ਨੂੰ ਹੋਰ ਬਹੁਤ ਕੁਝ ਚਾਹੀਦਾ ਹੈ। ਭਾਰਤ ਨੂੰ ਇੱਕ ਅਜਿਹੀ ਕੀਮਤ ਦੀ ਲੋੜ ਹੈ ਜਿਸ ’ਤੇ ਖਪਤਕਾਰ ਅਸਲ ’ਚ EV ਅਪਣਾ ਸਕਣ।’’

ਉਨ੍ਹਾਂ ਕਿਹਾ ਕਿ ਇਕ ਲੱਖ ਰੁਪਏ ਦੀ ਔਸਤ ਇਲੈਕਟ੍ਰਿਕ ਸਕੂਟਰ ਦੀ ਕੀਮਤ ਦੇ ਨਾਲ ਖਪਤਕਾਰਾਂ ਤੋਂ ਪ੍ਰਤੀਕਿਰਿਆ ਮਿਲੀ ਹੈ ਕਿ ਉਹ ਇਸ ਬਾਰੇ ਉਦੋਂ ਸੋਚਣਗੇ ਜਦੋਂ ਇਸ ਦੀ ਕੀਮਤ ਪੈਟਰੋਲ ਸਕੂਟਰ ਦੇ ਬਰਾਬਰ ਹੋਵੇਗੀ। ਇਸ ਰਾਏ ਨੂੰ ਧਿਆਨ ’ਚ ਰੱਖਦੇ ਹੋਏ ਕੀਮਤਾਂ ’ਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।