Punjab

ਲਾਰੈਂਸ ਇੰਟਰਵਿਊ ਮਾਮਲੇ ‘ਤੇ ਇਸ ਲੀਡਰ ਨੇ ਦਾਗੇ ਡੀਜੀਪੀ ‘ਤੇ ਸਵਾਲ,ਕਿਹਾ ਜਿੰਮੇਵਾਰੀ ਤਾਂ ਬਣਦੀ ਹੈ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਡੀਜੀਪੀ ਪੰਜਾਬ ਪੁਲਿਸ ਵੱਲੋਂ ਦਿੱਤੇ ਬਿਆਨ ‘ਤੇ ਸਵਾਲ ਖੜੇ ਕੀਤੇ ਹਨ। ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਕੀਤੇ ਇੱਕ ਟਵੀਟ ਵਿੱਚ ਖਹਿਰਾ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇੱਕ ਪਲ ਲਈ ਮੰਨ ਲਿਆ ਜਾਵੇ ਕਿ  ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਜੇਲ੍ਹ ‘ਚ ਨਹੀਂ ਹੋਇਆ ਹੈ ਪਰ ਹੁਣ ਕਿਉਂਕਿ ਉਹ  ਉਨ੍ਹਾਂ ਦੀ ਹਿਰਾਸਤ ਵਿੱਚ ਹੈ,ਇਸ ਲਈ ਜ਼ਿੰਮੇਵਾਰੀ ਤਾਂ  ਬਣਦੀ ਹੈ।

ਖਹਿਰਾ ਨੇ ਮਾਨ ਸਰਕਾਰ ਨੂੰ ਵੀ ਸਿੱਧਾ ਸਵਾਲ ਕੀਤਾ ਹੈ ਕਿ ਕੀ ਸਰਕਾਰ ਦੱਸੇਗੀ,ਅਜਿਹੇ ਹਾਈ ਪ੍ਰੋਫਾਈਲ ਗੈਂਗਸਟਰ ਦੀ ਇੰਟਰਵਿਊ ਕਦੋਂ, ਕਿੱਥੇ ਅਤੇ ਕਿਵੇਂ ਹੋਈ? ਉਦੋਂ ਤੱਕ ਇਹ ਪੰਜਾਬ ਵਿੱਚ ਮੰਨਿਆ ਜਾਵੇਗਾ ।ਆਪਣੇ ਇਸ ਟਵੀਟ ਵਿੱਚ ਖਹਿਰਾ ਨੇ ਇੱਕ ਖ਼ਬਰ ਵਾਲੀ ਫੋਟੋ ਵੀ ਸਾਂਝੀ ਕੀਤੀ ਹੈ ,ਜਿਸ ਵਿੱਚ ਡੀਜੀਪੀ ਪੰਜਾਬ ਵਾਲੀ ਖ਼ਬਰ ਲੱਗੀ ਹੋਈ ਹੈ।

ਇਸ ਤੋਂ ਪਹਿਲਾਂ ਕੀਤੇ ਇੱਕ ਟਵੀਟ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਨੂੰ ਘੇਰਿਆ ਹੈ । ਇਸ ਟਵੀਟ ਵਿੱਚ ਖਹਿਰਾ ਲਿਖਦੇ ਹਨ ਕਿ ਡੀਜੀਪੀ ਪੰਜਾਬ  ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਕੁਝ ਸਪੱਸ਼ਟੀਕਰਨ ਤਾਂ ਦਿੱਤਾ ਹੈ ਪਰ ਬੁਨਿਆਦੀ ਸਵਾਲ ਹਾਲੇ ਵੀ ਇਹੀ ਹੈ ਕਿ ਇਹ ਇੰਟਰਵਿਊ ਕਿੱਥੇ ਕੀਤੀ ਗਈ ਸੀ ?  ਲਾਜ਼ਮੀ ਤੌਰ ‘ਤੇ ਇਸ ਦਾ ਜਵਾਬ ਦਿੱਤਾ ਜਾਣਾ ਬਣਦਾ ਹੈ। ਕਿਉਂਕਿ ਲਾਰੈਂਸ ਦੇ ਪੰਜਾਬ ਦੀ ਜੇਲ੍ਹ ਵਿੱਚ ਆਉਣ ਤੋਂ ਮਗਰੋਂ ਹੀ ਇਸ ਸਾਰੀ ਇੰਟਰਵਿਊ ਦਾ ਟੈਲੀਕਾਸਟ ਹੋਇਆ ਹੈ।

ਵਿਧਾਇਕ ਖਹਿਰਾ ਨੇ ਇਸ ਗੱਲ ਦੀ ਵੀ ਮੰਗ ਕੀਤੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇੱਕ ਵਾਰ ਬਠਿੰਡਾ ਸੀਆਈਏ ਸਟਾਫ਼ ਵਿੱਚ ਵੀ ਰਾਤ ਠਹਿਰਾਇਆ ਗਿਆ ਸੀ,ਉਸ ਦੀ ਵੀ ਜਾਂਚ ਕੀਤੀ ਜਾਵੇ।