India Punjab

ਅਦਾਲਤਾਂ ਵਿੱਚ ਸੀਲਬੰਦ ਲਿਫ਼ਾਫ਼ਿਆਂ ਵਾਲੀਆਂ ਰਿਪੋਰਟਾਂ ਦੇ ਖਿਲਾਫ ਹੋਏ CJI ਡੀਵਾਈ ਚੰਦਰਚੂੜ,ਰੱਖਿਆ ਮੰਤਰਾਲੇ ਦੀ ਰਿਪੋਰਟ ਕਬੂਲ ਕਰਨ ਤੋਂ ਕੀਤਾ ਮਨਾ

ਦਿੱਲੀ : ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅਦਾਲਤਾਂ ਵਿੱਚ ਜਮ੍ਹਾਂ ਕਰਵਾਉਣ ਲਈ ਸੀਲਬੰਦ ਲਿਫ਼ਾਫ਼ਿਆਂ ਵਾਲੀਆਂ ਰਿਪੋਰਟਾਂ ਦੀ ਵਰਤੋਂ ਕਰਨ ਦੀ ਪ੍ਰਥਾ ਦੀ ਆਲੋਚਨਾ ਕੀਤੀ ਹੈ। ਉਹ ਅੱਜ ਸੁਪਰੀਮ ਕੋਰਟ ਵਿੱਚ ਵਨ ਰੈਂਕ ਵਨ ਪੈਨਸ਼ਨ (ਓਆਰਓਪੀ) ਕੇਸ ਦੀ ਸੁਣਵਾਈ ਕਰ ਰਹੇ ਸਨ। ਉਹਨਾਂ ਭਾਰਤ ਦੇ ਅਟਾਰਨੀ ਜਨਰਲ ਦੁਆਰਾ ਪੈਨਸ਼ਨਾਂ ਦੀ ਅਦਾਇਗੀ ਬਾਰੇ ਰੱਖਿਆ ਮੰਤਰਾਲੇ ਦੇ ਫੈਸਲੇ ਦੇ ਸੰਬੰਧ ਵਿੱਚ ਸੀਲਬੰਦ ਲਿਫਾਫੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸਰਕਾਰ ਦੇ ਉੱਚ ਵਕੀਲ ਨੂੰ ਇਸ ਨੂੰ ਪੜ੍ਹਨ ਜਾਂ ਵਾਪਸ ਲੈਣ ਲਈ ਕਿਹਾ।

ਆਪਣੇ ਨਿਵੇਕਲੇ ਤੇ ਬੇਬਾਕ ਅੰਦਾਜ ਲਈ ਮਸ਼ਹੂਰ ਚੀਫ਼ ਜਸਟਿਸ ਨੇ ਸੁਣਵਾਈ ਦੇ ਦੌਰਾਨ ਕਿਹਾ,”ਅਸੀਂ ਕੋਈ ਵੀ ਗੁਪਤ ਦਸਤਾਵੇਜ਼ ਜਾਂ ਸੀਲਬੰਦ ਕਵਰ ਨਹੀਂ ਲਵਾਂਗੇ, ਅਸੀਂ ਨਿੱਜੀ ਤੌਰ ‘ਤੇ ਇਸ ਦੇ ਵਿਰੁੱਧ ਹਾਂ। ਅਦਾਲਤ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਹ ਹੁਕਮਾਂ ਨੂੰ ਲਾਗੂ ਕਰਨ ਬਾਰੇ ਹੈ। ਇੱਥੇ ਗੁਪਤਤਾ ਕੀ ਹੋ ਸਕਦੀ ਹੈ?”

ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਅਤੇ ਇੱਕ ਨੋਟ ਦਾਇਰ ਕੀਤਾ ਹੈ, ਜਿਸ ਵਿੱਚ ਸਾਲ 2019-22 ਲਈ ਸਾਬਕਾ ਸੈਨਿਕਾਂ ਨੂੰ ₹ 28,000 ਕਰੋੜ ਦੇ ਬਕਾਏ ਦੇ ਭੁਗਤਾਨ ਲਈ ਸਮਾਂ ਸੂਚੀ ਦਿੱਤੀ ਗਈ ਹੈ।

ਸੀਲਬੰਦ ਰਿਪੋਰਟਾਂ ਬਾਰੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਇਸ ਬਿਆਨ ਮਗਰੋਂ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਖਹਿਰਾ ਨੇ ਇਸ ਦੀ ਜ਼ਿਕਰ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿੱਚ ਉਹਨਾਂ ਕਿਹਾ ਹੈ ਕਿ ਹੁਣ ਜਦੋਂ ਕਿ ਮਾਣਯੋਗ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅਦਾਲਤਾਂ ਵਿੱਚ ਕਿਸੇ ਵੀ ਸੀਲਬੰਦ ਕਵਰ ਦਸਤਾਵੇਜ਼ਾਂ ਦਾ ਸਪੱਸ਼ਟ ਤੌਰ ‘ਤੇ ਵਿਰੋਧ ਕੀਤਾ ਹੈ ਤਾਂ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕਰਨੀ ਬਣਦੀ ਹੈ ਕਿ 2018 ਤੋਂ ਸੀਲਬੰਦ ਕਵਰਾਂ ਵਿੱਚ ਨਸ਼ਿਆਂ ‘ਤੇ 3 ਰਿਪੋਰਟਾਂ ਖੋਲ੍ਹਣ ਦਾ ਆਦੇਸ਼ ਦੇ ਦਿੱਤਾ ਜਾਵੇ।

ਆਪਣੇ ਟਵੀਟ ਵਿੱਚ ਖਹਿਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੇ ਐਡਵੋਕੇਟ ਜਰਨਲ ਰਾਹੀਂ ਇਸ ਲਈ ਦਬਾਅ ਪਾਉਣ ਤਾਂ ਜੋ ਇਸ ਮਾਮਲੇ ਨਾਲ ਜੁੜੇ ਪੁਲਿਸ ਅਧਿਕਾਰੀਆਂ ਅਤੇ ਤਾਕਤਵਰ ਸਿਆਸਤਦਾਨਾਂ ਨੂੰ ਬੇਨਕਾਬ ਕੀਤਾ ਜਾ ਸਕੇ।