Khetibadi Punjab

Punjab weather update : ਮੁੜ ਜਾਰੀ ਹੋਇਆ ਭਾਰੀ ਮੀਂਹ ਪੈਣ ਦਾ Alert

Meteorological department Chandigarh, yellow alert, heavy rainfall

Heavy rain alert Punjab -ਚੰਡੀਗੜ੍ਹ ਮੌਸਮ ਕੇਂਦਰ ਨੇ ਕੱਲ੍ਹ ਯਾਨੀ 10 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ ਜਦਕਿ ਪੱਛਮੀ ਮਾਲਵਾ ਵਿੱਚ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ। 11 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਵਿੱਚ ਕਿਤੇ ਕਿਤੇ ਹਲਕੇ ਤੋਂ ਦਰਮਿਆਨਾ ਮੀਂਹ ਰਹੇਗਾ ਜਦਕਿ ਇਸ ਦਿਨ ਪੱਛਮੀ ਮਾਲਵਾ ਮੌਸਮ ਖੁਸ਼ਕ ਰਹੇਗਾ।

ਮੌਸਮ ਵਿਭਾਗ ਮੁਤਾਬਕ 12 ਜੁਲਾਈ ਨੂੰ ਪੂਰੇ ਸੂਬੇ ਵਿੱਚ ਕਿਤੇ ਕਿਤੇ ਹੀ ਹਲਕੇ ਤੋਂ ਦਰਮਿਆਨਾ ਮੀਂਹ ਰਹੇਗਾ। 13 ਜੁਲਾਈ ਨੂੰ ਮਾਝਾ, ਦੋਆਬਾ ਅਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਹਿੱਸੇ ਵਿੱਚ ਭਰਵਾਂ ਮੀਂਹ ਪੈਣ ਬਾਰੇ ਦੱਸਿਆ ਗਿਆ ਹੈ ਜਦਕਿ ਪੱਛਮੀ ਮਾਲਵਾ ਵਿਖੇ ਕਿਤੇ ਕਿਤੇ ਹਲਕਾ ਮੀਂਹ ਪੈਣ ਦੀ ਸੰਭਵਾਨਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਕਿਤੇ ਕਿਤੇ ਗਰਜ ਚਮਕ ਦਾ ਮੌਸਮ ਬਣਿਆ ਰਹੇਗਾ।

ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਖੇਤਰ ਮਾਝਾ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਾਰਨ ਤਾਰਨ ਜ਼ਿਲ੍ਹੇ ਆਉਂਦੇ ਹਨ।

-ਦੋਆਬਾ ਵਿੱਚ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਅਤੇ ਜਲੰਧਰ।

-ਪੱਛਮੀ ਮਾਲਵਾ ਵਿੱਚ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ।

-ਪੂਰਬੀ ਮਾਲਵਾ ਵਿੱਚ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਸ਼ਾਮਲ ਹੈ।

 

70 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਬਣਿਆ

ਭਾਰਤ ਦੇ ਮੌਸਮ ਵਿਗਿਆਨ ਵਿਭਾਗ (IMD) ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਨੇ ਐਤਵਾਰ ਨੂੰ 70 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਬਣਿਆ। ਸ਼ਹਿਰ ਵਿੱਚ ਸ਼ਨੀਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ ਰਿਕਾਰਡ 325.5 ਮਿਲੀਮੀਟਰ ਮੀਂਹ ਪਿਆ। ਇਸ ਨੇ ਜੁਲਾਈ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਮੀਂਹ ਵਾਲਾ ਦਿਨ 1953 ਵਿੱਚ ਰਿਕਾਰਡ ਕੀਤਾ ਗਿਆ ਸੀ।
ਚੰਡੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ 322.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ ਇੰਨੀ ਬਾਰਸ਼ ਪਹਿਲਾਂ ਕਦੇ ਨਹੀਂ ਹੋਈ।

ਚੰਡੀਗੜ੍ਹ ਤੋਂ ਇਲਾਵਾ, ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੰਗਲ ਡੈਮ ਵਿੱਚ ਸਭ ਤੋਂ ਵੱਧ 282.5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਇਸ ਤੋਂ ਬਾਅਦ ਬੱਲੋਵਾਲ ਸੌਂਦਰਾ ਵਿੱਚ 270 ਮਿਲੀਮੀਟਰ ਅਤੇ ਟਾਈਬਰ ਵਿੱਚ 245 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ਲਗਾਤਾਰ ਮੀਂਹ ਪੈਣ ਕਾਰਨ ਔਸਤ ਤਾਪਮਾਨ ਵੀ ਆਮ ਨਾਲੋਂ 3 ਡਿਗਰੀ ਸੈਲਸੀਅਸ ਘੱਟ ਗਿਆ। ਰਾਤ ਦਾ ਤਾਪਮਾਨ ਵੀ ਸ਼ਨੀਵਾਰ ਨੂੰ 25.6 ਡਿਗਰੀ ਤੋਂ ਘਟ ਕੇ ਐਤਵਾਰ ਨੂੰ 23.6 ਡਿਗਰੀ ਹੋ ਜਾਵੇਗਾ।

ਮੋਹਾਲੀ ਪ੍ਰਸ਼ਾਸਨ ਨੇ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ

ਮੌਸਮ ਵਿਭਾਗ ਨੇ ਇੱਕ ਵਾਰ ਫਿਰ ਚੰਡੀਗੜ੍ਹ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੁਹਾਲੀ ਵਿੱਚ ਵੀ ਮੀਂਹ ਕਾਰਨ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹੜ੍ਹ ਦੀ ਸਥਿਤੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਐਮਰਜੈਂਸੀ ਦੀ ਸਥਿਤੀ ਵਿੱਚ ਮੁਹਾਲੀ ਲਈ ਲੋਕ ਮਨਦੀਪ ਸਿੰਘ ਨੂੰ 0172-229505, 73476-61642, ਖਰੜ ਲਈ 0160-2280853, 96642-34000 ਅਤੇ ਡੇਰਾਬਸੀ ਲਈ 01762-283224,98550-25466 ‘ਤੇ ਸੰਪਰਕ ਕਰ ਸਕਦੇ ਹੋ।