India Punjab

ਹੁਸ਼ਿਆਰਪੁਰ ਅਤੇ ਤਰਨਤਾਰਨ ਦੇ 2 ਜਵਾਨਾਂ ਨਾਲ ਵਾਪਰਿਆ ਇਹ ਭਾਣਾ, ਪਰਿਵਾਰ ਵਿੱਚ ਸੋਗ

TarnTaran, Hoshiarpur, Punjab, Jammu

ਚੰਡੀਗੜ੍ਹ : ਹੁਸ਼ਿਆਰਪੁਰ ਅਤੇ ਤਰਨਤਾਰਨ ਦੇ ਦੋ ਜਵਾਨਾਂ ਦੀ ਜੰਮੂ ਵਿੱਚ ਹੜ੍ਹ ਕਾਰਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਮੌਤ ਹੋ ਗਈ ਹੈ। ਦੋਹਾਂ ਦੀਆਂ ਮ੍ਰਿਤਕ ਦੇਹਾਂ ਅੱਜ ਉਨ੍ਹਾਂ ਦੇ ਪਿੰਡ ਪਹੁੰਚਣਗੀਆਂ।

ਹੁਸ਼ਿਆਰਪੁਰ ਦੇ ਨੌਜਵਾਨ ਨਾਲ ਵਾਪਰੀ ਇਹ ਘਟਨਾ

ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖੁਰਾਲਗੜ੍ਹ ਦੇ ਤੇਲੂਰਾਮ ਪੁੱਤਰ ਗੁਰਦੇਵ ਲਾਲ ਉਮਰ 24 ਸਾਲ ਕਰੀਬ 5 ਸਾਲ ਪਹਿਲਾਂ ਰਾਸ਼ਟਰੀ ਰਾਈਫਲਜ਼ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਇਸ ਸਮੇਂ ਉਹ ਕਸ਼ਮੀਰ ਦੇ ਜ਼ਿਲ੍ਹਾ ਪੁੰਛ ਵਿੱਚ ਤਾਇਨਾਤ ਸੀ ਅਤੇ ਕੱਲ੍ਹ ਉਹ ਬਟਾਲੀਅਨ ਦੇ ਹੋਰ ਜਵਾਨਾਂ ਅਤੇ ਅਧਿਕਾਰੀਆਂ ਨਾਲ ਸੂਰਨਕੋਟ ਨੇੜੇ ਦਰਿਆ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾ ਵਿੱਚ ਡੁੱਬ ਗਿਆ। ਇਸ ਦੌਰਾਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਸ ਦੀ ਬਟਾਲੀਅਨ ਦੇ ਸੂਬੇਦਾਰ ਕੁਲਦੀਪ ਸਿੰਘ ਦੀ ਵੀ ਮੌਤ ਹੋ ਗਈ। ਤੇਲੂਰਾਮ ਦੀ ਮ੍ਰਿਤਕ ਦੇਹ ਅੱਜ ਪਿੰਡ ਪਹੁੰਚੇਗੀ। ਸਾਬਕਾ ਸਰਪੰਚ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਤੇਲੂਰਾਮ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਤਰਨਤਾਰਨ ਦੇ ਫੌਜੀ ਵੀ ਪਾਣੀ ਵਿੱਚ ਵਹਿ ਗਿਆ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਵਾਰਗਾਪੁਰੀ ਦੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੀ ਪਾਣੀ ਵਿੱਚ ਵਹਿ ਕੇ ਮੌਤ ਹੋ ਗਈ। ਉਸ ਦੀ ਲਾਸ਼ ਫੌਜ ਨੇ ਬਰਾਮਦ ਕਰ ਲਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ। ਸੂਬੇਦਾਰ ਕੁਲਦੀਪ ਸਿੰਘ ਦੀ ਜੰਮੂ-ਕਸ਼ਮੀਰ ‘ਚ ਡਿਊਟੀ ਸੀ।

ਪਿਤਾ ਸਾਧੂ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੁਲਦੀਪ ਸਿੰਘ ਨੇ ਪਰਿਵਾਰ ਦਾ ਹਾਲ ਚਾਲ ਜਾਣਨ ਲਈ ਫੋਨ ਕੀਤਾ ਸੀ। ਉਸ ਦੇ ਦੋ ਬੱਚੇ (ਪੁੱਤਰ ਅਤੇ ਬੇਟੀ) ਹਨ। ਪਰਿਵਾਰ ਕੁਲਦੀਪ ਸਿੰਘ ਦੇ ਅੰਤਿਮ ਸੰਸਕਾਰ ਲਈ ਮ੍ਰਿਤਕ ਦੇਹ ਦੀ ਉਡੀਕ ਕਰ ਰਿਹਾ ਹੈ।