Punjab

ਮਾਲਵਿੰਦਰ ਸਿੰਘ ਕੰਗ ਨੇ ਕੀਤਾ ਗਲਤ ਢੰਗ ਨਾਲ ਬਣੀਆਂ ਕਲੋਨੀਆਂ ਬਾਰੇ ਆਹ ਐਲਾਨ,ਪਿਛਲੀਆਂ ਸਰਕਾਰਾਂ ‘ਤੇ ਲਾਇਆ ਨਿਸ਼ਾਨਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਪੱਸ਼ਟ ਕੀਤਾ ਹੈ ਕਿ ਗਲਤ ਢੰਗ ਨਾਲ ਬਣੀਆਂ ਕਲੋਨੀਆਂ ‘ਤੇ ਕਾਰਵਾਈ ਹੋਵੇਗੀ ਤੇ ਪੰਚਾਇਤੀ,ਸਰਕਾਰੀ ਤੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਕੇ ਬੈਠੇ ਅਮੀਰ ਤੇ ਧਨਾਢ ਲੋਕਾਂ ਨੂੰ ਇਸ ਮਹੀਨੇ ਦੇ ਅੰਤ ਤੱਕ ਕਬਜ਼ਾ ਛੱਡਣ ਲਈ ਕਿਹਾ ਗਿਆ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਆਪਈ ਕਾਰਵਾਈ ਸ਼ੁਰੂ ਕਰ ਦੇਵੇਗੀ।ਹਾਲਾਂਕਿ ਗਰੀਬ ਤੇ ਜ਼ਰੂਰਤ ਮੰਦ ਲੋਕਾਂ ‘ਤੇ ਕਾਰਵਾਈ ਨਹੀਂ ਹੋਵੇਗੀ।

ਕੰਗ ਨੇ ਇੱਕ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀਆ ‘ਤੇ ਨਿਸ਼ਾਨੇ ਵੀ ਲਾਏ ਤੇ ਕਿਹਾ ਕਿ ਮਾਨ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਇੱਕ ਸੋਮੇ ਨੂੰ ਸਰਕਾਰ ਦੇ ਖਜਾਨੇ ‘ਚ ਲਿਆ ਕੇ ਲੋਕ ਭਲਾਈ ਲਈ ਵਰਤਿਆ ਜਾਵੇ। ਉਹਨਾਂ ਜਾਣਕਾਰੀ ਦਿੱਤੀ ਕਿ ਹੁਣ ਤੱਕ 9 ਹਜਾਰ ਏਕੜ ਤੋਂ ਵੱਧ ਜ਼ਮੀਨ ਛੁਡਵਾਈ ਗਈ ਹੈ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਅਪੀਲ ਕੀਤੀ ਹੈ ਕਿ ਸਰਕਾਰੀ,ਪੰਚਾਇਤੀ ਤੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ‘ਤੇ ਕੀਤੇ ਨਾਜਾਇਜ਼ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ 1 ਜੂਨ ਤੋਂ ਬਾਅਦ ਕਾਰਵਾਈ ਹੋਵੇਗੀ।

ਕੰਗ ਨੇ ਇਹ ਵੀ ਸਾਫ਼ ਕੀਤਾ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਕੋਲੋਂ ਜ਼ਮੀਨਾਂ ਵਾਪਸ ਨਹੀਂ ਲਈਆਂ ਜਾਣਗੀਆਂ। ਉਹਨਾਂ ਇਹ ਵੀ ਕਿਹਾ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਜਾ ਇਹਨਾਂ ਦੇ ਨੇੜੇ ਤੇੜੇ ਸਰਕਾਰੀ,ਪੰਚਾਇਤੀ ਜਾ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ‘ਤੇ ਬਣੀਆਂ ਗੈਰ ਕਾਨੂੰਨੀ ਉਸਾਰੀਆਂ ‘ਤੇ ਵੀ ਕਾਰਵਾਈ ਹੋਵੇਗੀ।

ਉਹਨਾਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਘਰ ਭਰੇ ਆ ਪਰ ਆਪ ਸਰਕਾਰ ਪੰਜਾਬ ਦੇ ਸਰਮਾਏ ਨੂੰ ਸੰਭਾਲ ਰਹੀ ਹੈ।