Punjab

ਪੰਜਾਬ ‘ਚ ਨਹਿਰੀ ਪਾਣੀ ਬਾਰੇ ਵੱਡੀ ਪਹਿਲਕਦਮੀ , ਕੰਗ ਨੇ ਸਰਕਾਰ ਦੀ ਸਿਫ਼ਤ ‘ਚ ਕਹੀਆਂ ਇਹ ਗੱਲਾਂ…

Big initiative about canal water in Punjab, Kang said these things in praise of the government...

ਚੰਡੀਗੜ੍ਹ :  ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਹਿਰੀ ਪਾਣੀ ਨੂੰ ਲੈ ਕੇ ਕਈ ਅਹਿਮ ਫ਼ੈਸਲੇ ਕਰ ਰਹੀ ਹੈ। ਮਾਨ ਸਰਕਾਰ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਥਾਂ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਣ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਇਸੇ ਦੌਰਾਨ ਸੂਬੇ ਵਿਚ ਨਹਿਰਾਂ ਬਾਰੇ ਸਰਕਾਰ ਦੀਆਂ ਕੋਸ਼ਿਸ਼ਾਂ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ।

ਇਸੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਨਹਿਰਾਂ ਦੇ ਪਾਣੀ ਨੂੰ ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਹੈ। ਇੱਕ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ”ਪੰਜਾਬ ਦੇ ਨਹਿਰਾਂ..ਚੋਏ..ਨਾਲੇ ..ਸੂਏ ਕੱਸੀਆਂ..ਖਾਲੇ..ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਐ..ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਉਸੇ ਵੀਡੀਓ ਨੂੰ ਸਾਂਝੀ ਕਰਦਿਆਂ ਮਾਨ ਸਰਕਾਰ ਦੀਆਂ ਸਿਫ਼ਤਾਂ ਕੀਤੀਆਂ। ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜੁਬਾਨੀ ਸਰਦਾਰ ਭਗਵੰਤ ਮਾਨ ਸਾਹਬ ਦੀ ਸਰਕਾਰ ਕਹਿਣੀ ਤੇ ਕਥਨੀ ਦੀ ਪੱਕੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਬਦਕਿਸਮਤੀ ਰਹੀ ਹੈ ਆਕਾਲੀ ਅਤੇ ਕਾਂਗਰਸ ਦੀਆਂ ਅਖੌਤੀ ਪੰਜਾਬ ਹਿਤੈਸ਼ੀ ਸਰਕਾਰਾਂ ਨੇ ਪੰਜਾਬ ਦੀ ਖੇਤੀ ਨੂੰ ਨਹਿਰੀ ਪਾਣੀ ‘ਤੇ ਨਾ ਨਿਰਧਾਰਤ ਕਰਕੇ ਟਿਊਬਵੈਲਾਂ ‘ਤੇ ਨਿਰਭਰ ਬਣਾਇਆ। ਜਿਸ ਕਾਰਨ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਨੂੰ ਜਾ ਰਿਹਾ ਅਤੇ ਨਤੀਜਤਨ ਪੰਜਾਬ ਦੇ 138 ਬਲਾਕਾਂ ਵਿਚੋਂ 103 ਬਲਾਕ ਅਤਿ ਨਾਜ਼ੁਕ ਘੋਸ਼ਿਤ ਕੀਤੇ ਜਾ ਚੁੱਕੇ ਹਨ।

ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਮਾਨ ਸਾਹਬ ਦੀ ਯੋਗ ਰਹਿਨੁਮਾਈ ਹੇਠ ਨਹਿਰੀ ਪਾਣੀ ਨੂੰ ਹਰ ਇਕ ਖੇਤ ਤਕ ਪਹੁੰਚਾਉਣ ਲਈ ਸੁਹਿਰਦ ਅਤੇ ਸੰਜੀਦਾ ਉਪਰਾਲੇ ਕਰ ਰਹੀ ਹੈ। ਸ਼ਰਮ ਦੀ ਗੱਲ ਹੈ ਇਹੋ ਜਿਹੀ ਸੰਜੀਦਗੀ ਪਹਿਲਾਂ ਕਿਸੇ ਅਖੌਤੀ ਪਾਣੀਆਂ ਦੇ ਰਾਖੇ ਅਤੇ ਅਖੌਤੀ ਕੁਰਬਾਨੀਆਂ ਦੇ ਪੁੰਜ ਨੇ ਨਹੀਂ ਦਿਖਾਈ। ਬੱਸ ਨੀਅਤ ਦਾ ਫ਼ਰਕ ਹੈ ਅਤੇ ਇਹੋ ਬਦਲਾਅ ਹੈ।