Punjab

SGPC ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਗੁਰਦੇਵ ਸਿੰਘ ਨੂੰ ਸੇਵਾਵਾਂ ਤੋਂ ਕੀਤਾ ਵਿਹਲਾ !

ਬਿਊਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਗੁਰਦੇਵ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ(SGPC) ਨੇ ਸੇਵਾਵਾਂ ਤੋਂ ਵਿਹਲਾ ਕਰ ਦਿੱਤਾ ਹੈ। ਉਹ ਪਿਛਲੇ ਲੰਮੇ ਵਕਤ ਤੋਂ ਡਿਊਟੀ ਤੋਂ ਗੈਰ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਖਾਸ ਕਰਕੇ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜਗਤਾਰ ਸਿੰਘ ਦੇ ਖਿਲਾਫ਼ ਬੋਲਣ ‘ਤੇ ਉਨ੍ਹਾਂ ਦਾ ਟਰਾਂਸਫਰ ਪਿਛਲੇ ਸਾਲ 31 ਮਈ 2023 ਵਿੱਚ ਤਖ਼ਤ ਦਮਦਮਾ ਸਾਹਿਬ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾ ਕਰਕੇ ਉੱਥੇ ਡਿਊਟੀ ਨਹੀਂ ਸੰਭਾਲੀ ਸੀ।

ਰਾਗੀ ਗੁਰਦੇਵ ਸਿੰਘ ਸ਼੍ਰੋਮਣੀ ਰਾਗੀ ਸਭਾ ਦੇ ਮੈਂਬਰ ਵੀ ਸਨ। ਜਦੋਂ ਸਾਰੇ ਰਾਗੀ ਸਿੰਘ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਜਗਤਾਰ ਸਿੰਘ ਖਿਲਾਫ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਸ਼ਿਕਾਇਤ ਲੈਕੇ ਪਹੁੰਚੇ ਸਨ ਤਾਂ ਗੁਰਦੇਵ ਸਿੰਘ ਸਭ ਤੋਂ ਅੱਗੇ ਸਨ । ਹਾਲਾਂਕਿ ਉਸ ਵੇਲੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਗਿਆਨੀ ਜਗਤਾਰ ਸਿੰਘ ਅਤੇ ਰਾਗੀ ਸਿੰਘਾਂ ਦੇ ਵਿਚਾਲੇ ਵਿਵਾਦ ਖਤਮ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਕੁਲਦੀਪ ਸਿੰਘ ਨੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਖਿਲਾਫ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਅਸਤੀਫ਼ਾ ਦਿੱਤਾ ਸੀ ।

SGPC ਨੇ ਡਿਊਟੀ ਤੋਂ ਫਾਰਕ ਕਰਨ ਦਾ ਕਾਰਨ ਦੱਸਿਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਜ਼ੂਰੀ ਰਾਗੀ ਗੁਰਦੇਵ ਸਿੰਘ ਨੂੰ ਡਿਊਟੀ ਤੋਂ ਫਾਰਕ ਕਰਨ ਦੇ ਲਈ ਜਿਹੜਾ ਕਾਰਨ ਦੱਸਿਆ ਗਿਆ ਹੈ ਉਸ ਦੇ ਮੁਤਾਬਿਕ ਉਨ੍ਹਾਂ ਦਾ 31 ਮਈ 2022 ਨੂੰ ਤਖਤ ਦਮਦਮਾ ਸਾਹਿਬ ਵਿੱਚ ਟਰਾਂਸਫਰ ਕੀਤਾ ਗਿਆ ਸੀ। ਡਿਊਟੀ ਤੋਂ ਗੈਰ ਹਾਜ਼ਰ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੇ ਘਰ ਦੇ ਪਤੇ ‘ਤੇ ਨੋਟਿਸ ਭੇਜਿਆ ਗਿਆ ਸੀ ਪਰ ਉਸ ਦਾ ਕੋਈ ਜਵਾਬ ਨਹੀਂ ਮਿਲਿਆ, ਫਿਰ ਇਸ ਤੋਂ ਬਾਅਦ 25 ਮਾਰਚ 2023 ਨੂੰ ਅਖ਼ਬਾਰ ਵਿੱਚ ਇਸ਼ਤਿਆਰ ਦੇ ਕੇ 15 ਦਿਨਾਂ ਦੇ ਅੰਦਰ ਡਿਊਟੀ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਅਤੇ ਸਰਵਿਸ ਤੋਂ ਵਿਹਲੇ ਕਰਨ ਦਾ ਨੋਟਿਸ ਜਾਰੀ ਕਰਨ ਬਾਰੇ ਚਿਤਾਵਨੀ ਵੀ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਜਦੋਂ ਭਾਈ ਗੁਰਦੇਵ ਸਿੰਘ ਡਿਊਟੀ ‘ਤੇ ਹਾਜ਼ਰ ਨਹੀਂ ਹੋਵੇ ਤਾਂ ਦਫਤਰੀ ਰਿਪੋਰਟ ਦੇ ਅਧਾਰ ‘ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਦੀ ਸੇਵਾ ਤੋਂ ਵਿਹਲਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਰਾਗੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਾਂ ਦੇ ਖਿਲਾਫ ਡੱਟ ਕੇ ਬੋਲ ਚੁੱਕੇ ਹਨ ਅਤੇ ਅਸਤੀਫਾ ਵੀ ਦੇ ਚੁੱਕੇ ਹਨ ।

ਰਾਗੀ ਕੁਲਦੀਪ ਸਿੰਘ ਨੇ ਵੀ ਲਗਾਏ ਸਨ ਇਲਜ਼ਾਮ

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ ਕੁਲਦੀਪ ਸਿੰਘ ਨੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਗੰਭੀਰ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਕਿਹਾ ਸੀ ਜਗਤਾਰ ਸਿੰਘ ਮਾਨਸਿਕ ਤੌਰ ‘ਤੇ ਰਾਗੀਆਂ ਨੂੰ ਪਰੇਸ਼ਾਨ ਕਰਦੇ ਸਨ। ਅਸੀਂ ਹਜ਼ੂਰੀ ਰਾਗੀ ਸੀ ਪਰ ਗਿਆਨੀ ਜਗਤਾਰ ਸਿੰਘ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੇ ਘਰ ਦੀਆਂ ਚੌਂਕੀਆ ਭਰਨ। ਜਦੋਂ ਅਸੀਂ ਅਜਿਹਾ ਨਹੀਂ ਕੀਤਾ ਤਾਂ ਰਾਗੀ ਜੱਥੇ ਦੀ ਤਬਦੀਲੀ ਕਰ ਦਿੱਤੀ ਜਾਂਦੀ ਹੈ।
ਭਾਈ ਕੁਲਦੀਪ ਸਿੰਘ ਨੇ ਕਿਹਾ ਸੀ ਕਿ ਮੈਂ 6 ਸਾਲ ਤੋਂ ਗਿਆਨੀ ਜਗਤਾਰ ਸਿੰਘ ਦਾ ਅੱਤਿਆਚਾਰ ਸਹਿ ਰਿਹਾ ਸੀ । ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਕਾਰਨ ਗਿਆਨੀ ਜਗਤਾਰ ਸਿੰਘ ਨੂੰ ਰਿਟਾਇਰਮੈਂਟ ਦੇ ਬਾਵਜੂਦ ਸਮਾਂ ਦੇਣ ‘ਤੇ ਵੀ ਸਵਾਲ ਚੁੱਕੇ ਸਨ ।ਭਾਈ ਕੁਲਦੀਪ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੂੰ ਸਮਾਂ ਦੇਣ ਦੀ ਥਾਂ ਨਿੱਜੀ ਰਾਗੀ ਜੱਥਿਆਂ ਨੂੰ ਸੇਵਾ ਲਈ ਸਮਾਂ ਦਿੱਤਾ ਜਾਂਦਾ ਸੀ, ਅਨੇਕਾਂ ਜੱਥਿਆਂ ਦੀ ਡਿਊਟੀ ਕੱਟ ਕੇ ਦਿੱਤੀਆਂ ਜਾਂਦੀਆਂ ਸਨ ।ਜਗਤਾਰ ਸਿੰਘ ਦੀ ਜੀ ਹਜ਼ੂਰੀ ਕਰਨ ਵਾਲੇ ਰਾਗੀਆਂ ਦੀ ਡਿਊਟੀ ਟੈਲੀਵਿਜ਼ਨ ਦੇ ਪ੍ਰਸਾਰਨ ਦੌਰਾਨ ਲਗਾਈ ਜਾਂਦੀ ਸੀ। ਜਗਤਾਰ ਸਿੰਘ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਜਿੰਨਾਂ ਦੀ ਆਵਾਜ਼ ਬੇਸੁਰੀ ਹੁੰਦੀ ਸੀ, ਉਨ੍ਹਾਂ ਨੂੰ ਰਾਗੀ ਲੱਗਾ ਰਹੇ ਸਨ। ਇਸ ਲਈ ਮੈਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵਿਦੇਸ਼ ਵਿੱਚ ਲੇਬਰ ਕਰ ਰਿਹਾ ਹਾਂ।