Punjab

ਬਿਜਲੀ ਦੀਆਂ ਦਰਾਂ ਵਧਾਉਣ ‘ਤੇ ਭਖੀ ਪੰਜਾਬ ਦੀ ਸਿਆਸਤ , ਨਵਜੋਤ ਸਿੱਧੂ ਨੇ ਚੁੱਕੇ ਸਵਾਲ , ਕੰਗ ਨੇ ਦਿੱਤਾ ਇਹ ਜਵਾਬ

Punjab's politics on increasing electricity rates, Navjot Sidhu raised questions, Kang gave this answer

ਚੰਡੀਗੜ੍ਹ :  ਲੰਘੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ  ਕਿ 600 ਯੂਨਿਟ ਤੱਕ ਬਿਜਲੀ ਫ੍ਰੀ ਜਾਰੀ ਰਹੇਗੀ। 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਹਨ।

ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਨੂੰ ਲੈ ਕੇ ਮਾਨ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ।

ਉਨ੍ਹਾਂ ਨੇ ਬਿਜਲੀ ਦੀਆਂ ਕੀਮਤਾਂ ਵਧਾਉਣ ਨੂੰ ਲੈਕੇ ਸਵਾਲ ਚੁੱਕਦਿਆਂ ਕਿਹਾ ਕਿ ਜਲੰਧਰ ਦੇ ਲੋਕਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਕੁਝ ਹੀ ਘੰਟਿਆਂ ‘ਚ ਉਤਾਰਿਆ?

ਉਨ੍ਹਾਂ ਨੇ ਕਿਹਾ ਕਿ ਉੱਪਰੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸਰਕਾਰ ਇਹ ਕਹਿ ਰਹੀ ਹੈ ਕਿ ਬਿਜਲੀ ਦਰਾਂ ਦੇ ਵਾਧੇ ਦਾ ਪੈਸਾ ਸਰਕਾਰ ਦੇਵੇਗੀ, ਪਰ ਸਵਾਲ ਹੈ ਕਿ ਸਰਕਾਰ ਕਿੱਥੋਂ ਤੇ ਕਿਵੇਂ ਦੇਵੇਗੀ, ਪੈਸਾ ਕਿੱਥੋਂ ਆਵੇਗਾ?

ਜਦ ਪਿਛਲੀ ਸਰਕਾਰ ਗਈ ਤਾਂ ਕਰਜਾ ਸੀ 2,81,772.64 (2.82 ਲੱਖ) ਕ੍ਰੋੜ, ਭਗਵੰਤ ਮਾਨ ਦੀ ਸਰਕਾਰ ਵਿੱਚ ਇੱਕ ਸਾਲ 22-23 ਵਿਚ 3,12 758 ਕਰੋੜ ਹੋ ਗਿਆ ਤੇ ਇਸੇ ਦੇ ਚਲਦੇ ਇਸ ਸਾਲ ਦਾ ਅਨੁਮਾਨ ਹੈ ਕਿ ਕਰਜਾ 347542 ਕਰੋੜ ਹੋ ਜਾਵੇਗਾ, ਇਸ ਹਿਸਾਬ ਨਾਲ ਇਸ ਸਰਕਾਰ ਦੌਰਾਨ ਕਰਜਾ ਘਟਣ ਦੀ ਥਾਂ ਵੱਧ ਕੇ ਪੰਜ ਲੱਖ ਕਰੋੜ ਹੋ ਜਾਵੇਗਾ ਜ਼ਮੀਨ ਗਹਿਣੇ ਧਰ ਕੇ ਬਾਪੂ ਬੱਚਿਆਂ ਨੂੰ ਖਿਡਾਉਣੇ ਲੈ ਕੇ ਦੇ ਰਿਹਾ ਹੈ।

ਸਿੱਧੂ ਦੇ ਬਿਆਨ ‘ਤੇ ਕੰਗ ਦਾ ਜਵਾਬ 

ਦੂਜੇ ਬੰਨੇ ਨਵਜੋਤ ਸਿੱਧੂ ਦੇ ਇਸ ਬਿਆਨ ਦਾ ਜਵਾਬ ਪੰਜਾਬ ਸਰਕਾਰ ਨੇ ਵੀ ਕਰੜੇ ਸ਼ਬਦਾਂ ਵਿੱਚ ਦਿੱਤਾ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇੱਕ ਟਵੀਟ ਕਰਦਿਆਂ ਸਿੱਧੂ ਦੀ ਇਸ ਗੱਲ ਦੀ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਸਾਹਬ ਤੁਹਾਡੀ ਕਾਂਗਰਸ ਸਰਕਾਰ ਵਿਰਾਸਤ ਵਿੱਚ ,₹2.73 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਦੇ ਸਿਰ ਉਤੇ ਛੱਡ ਕੇ ਗਈ ਹੈ ਜਿਸਦਾ ਸਾਲਾਨਾ ਵਿਆਜ਼ ਹੀ ਲਗਭਗ 20 ਹਜ਼ਾਰ ਕਰੋੜ ਬਣਦਾ ਹੈ। ਮਾਨ ਸਾਹਬ ਦੀ ਸਰਕਾਰ ਨੇ ਪਿਛਲੇ ਵਰ੍ਹੇ ਨਾ ਕੇਵਲ 20100 ਕਰੋੜ ਵਿਆਜ਼,15946 ਹਜਾਰ ਕਰੋੜ ਮੂਲ ਮੋੜਿਆ,ਨਾਲ ਲਗਦੇ ਹੀ PSPCL ਦਾ 20200 ਕਰੋੜ ਦਾ ਸਬਸਿਡੀ ਬਿੱਲ ਵੀ ਕਲੀਅਰ ਕੀਤਾ।

ਕੰਗ ਨੇ ਕਿਹਾ ਕਿਪੰਜਾਬ ਦੇ ਲਗਭਗ 90% ਪਰਿਵਾਰਾਂ ਦੇ ਬਿਜਲੀ ਦੇ ਬਿੱਲ ਪਿਛਲੇ ਸਾਲ ਜੁਲਾਈ ਤੋਂ ਜ਼ੀਰੋ ਆ ਰਹੇ ਹਨ। ਪੈਸਾ ਕਿੱਥੋਂ ਤੇ ਕਿਵੇਂ ਆਊਗਾ ਇਹ ਸਵਾਲ ਰਾਹੁਲ ਗਾਂਧੀ ਜੀ ਤੋਂ ਪੁੱਛੋ ਜੋ ਹਿਮਾਚਲ ਅਤੇ ਕਰਨਾਟਕ ਵਿੱਚ 200 ਯੂਨਿਟ ਫਰੀ ਦੇਣ ਦਾ ਐਲਾਨ ਕਰ ਕੇ ਆਏ ਹਨ। ਵੈਸੇ ਹਿਮਾਚਲ ਵਿੱਚ ਤੁਹਾਡੀ ਸਰਕਾਰ ਬਣੀ ਨੂੰ ਲਗਭਗ ਪੰਜ ਮਹੀਨੇ ਹੋ ਗਏ ਹਨ ਲੋਕ ਅਜੇ ਤੱਕ ਦੋ ਸੋ ਯੂਨਿਟ ਫਰੀ ਦਾ ਇੰਤਜਾਰ ਕਰ ਰਹੇ ਹਨ।