Punjab

ਰਾਜਪਾਲ ਫਿਰ ਕਰਨਗੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ

ਚੰਡੀਗੜ੍ਹ :  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ( Punjab Governor Banwari Lal Purohit ) ਇਕ ਵਾਰ ਫਿਰ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ।  ਰਾਜਪਾਲ ਦਾ ਸਰਹੱਦੀ ਜ਼ਿਲ੍ਹਿਆਂ ਦਾ ਇਹ ਚੌਥਾ ਦੌਰਾ ਹੈ। ਉਹਨਾਂ ਵੱਲੋਂ 7 ਅਤੇ 8 ਜੂਨ ਨੂੰ ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ ਦਾ ਦੌਰਾ ਕਰਨਗੇ।

‘ਆਪ’ ਸਰਕਾਰ ਨਾਲ ਪਿਛਲੇ ਸਮੇਂ ਦੌਰਾਨ ਰਾਜਪਾਲ ਦਾ ਅਲੱਗ ਅਲੱਗ ਮੁੱਦਿਆਂ ’ਤੇ ਟਕਰਾਅ ਵੀ ਬਣਿਆ ਰਿਹਾ ਹੈ। ਇਨ੍ਹਾਂ ਦੌਰਿਆਂ ਦੌਰਾਨ ਨਸ਼ਿਆਂ ਦੇ ਮੁੱਦੇ ’ਤੇ ਰਾਜਪਾਲ ਨੇ ਸਰਕਾਰ ਨੂੰ ਅਸਿੱਧੇ ਤਰੀਕੇ ਨਾਲ ਨਿਸ਼ਾਨੇ ’ਤੇ ਵੀ ਲਿਆ ਸੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਐਨ ਦੋ ਦਿਨ ਪਹਿਲਾਂ ਰਾਜਪਾਲ ਦੌਰਾ ਕਰਨਗੇ।

ਰਾਜਪਾਲ ਦੇ ਵਧੀਕ ਮੁੱਖ ਸਕੱਤਰ ਨੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 7 ਅਤੇ 8 ਜੂਨ ਨੂੰ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦਾ ਦੌਰਾ ਕਰਨਗੇ। ਰਾਜ ਭਵਨ ਦੇ ਅਧਿਕਾਰੀ ਨੇ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਇਸ ਦੌਰੇ ਬਾਬਤ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾਣ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਰਾਜਪਾਲ ਨੇ ਸਰਹੱਦੀ ਜ਼ਿਲ੍ਹਿਆਂ ਦਾ ਪਹਿਲਾ ਦੌਰਾ ਅਪਰੈਲ 2022 ਵਿਚ ਕੀਤਾ ਸੀ ਅਤੇ ਉਨ੍ਹਾਂ ਦੇ ਪਹਿਲੇ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਨਾਲ ਗਏ ਸਨ। ਦੂਜੇ ਦੌਰੇ ਦੌਰਾਨ ਰਾਜਪਾਲ ਨੇ ਸਰਕਾਰ ਖ਼ਿਲਾਫ਼ ਸੁਰ ਤਿੱਖੇ ਕਰ ਲਏ ਸਨ ਅਤੇ ਇਹ ਦੌਰਾ ਸਤੰਬਰ 2022 ਵਿਚ ਕੀਤਾ ਗਿਆ ਸੀ। ਰਾਜਪਾਲ ਨੇ ਉਦੋਂ ‘ਆਪ’ ਸਰਕਾਰ ਨੂੰ ਟੇਢੇ ਤਰੀਕੇ ਨਾਲ ਨਿਸ਼ਾਨੇ ’ਤੇ ਲੈਂਦਿਆਂ ਕੌਮਾਂਤਰੀ ਤਸਕਰੀ, ਖਣਨ ਅਤੇ ਹਥਿਆਰਾਂ ਦੀ ਤਸਕਰੀ ਦਾ ਮੁੱਦਾ ਛੋਹਿਆ ਸੀ। ਰਾਜਪਾਲ ਨੇ ਤੀਜਾ ਦੌਰਾ ਫਰਵਰੀ 2023 ’ਚ ਕੀਤਾ ਸੀ।