Punjab

ਕਿਸਾਨ ਆਗੂ ਨੇ ਕੀਤੀ ਵਿਰੋਧੀ ਧਿਰ ਨੂੰ ਅਪੀਲ,ਕਿਹਾ ਵਿਧਾਨ ਸਭਾ ਚੱਲ ਲੈਣ ਦਿਉ,ਜੀ20 ਸੰਮੇਲਨ ਬਾਰੇ ਵੀ ਕਹਿ ਦਿੱਤੀ ਵੱਡੀ ਗੱਲ

ਅੰਮ੍ਰਿਤਸਰ :  ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਸੈਸ਼ਨ ਨੂੰ ਚਲਣ ਦੇਣ । ਰਾਜਪਾਲ ਨੇ ਆਪਣੇ ਭਾਸ਼ਨ ਵਿੱਚ ਮੇਰੀ ਸਰਕਾਰ ਸ਼ਬਦ ਵਰਤਿਆ ਜਾ ਨਹੀਂ ਵਰਤਿਆ,ਇਹ ਐਡਾ ਵੱਡਾ ਮੁੱਦਾ ਨਹੀਂ ਹੈ।

ਪੰਧੇਰ ਨੇ ਕਿਹਾ ਹੈ ਕਿ ਵਿਧਾਨ ਸਭਾ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਮੰਦੇ ਹਾਲਾਂ ‘ਚੋਂ ਉਭਾਰਨ ਲਈ ਨੀਤੀਆਂ ਬਣਨੀਆਂ ਚਾਹੀਦੀਆਂ ਹਨ,ਨੋਜਵਾਨਾਂ ਨੂੰ ਰੁਜ਼ਗਾਰ ਦੇਣ ਲਈ,ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਕੀ ਕੁੱਝ ਕਰ ਰਹੀ ਹੈ ,ਇਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਪੰਜਾਬ ਦੀ ਜਵਾਨੀ ਨੂੰ ਗਾਲਣ ਲਈ ਜਿੰਮੇਵਾਰ ਨਸ਼ਿਆਂ ਬਾਰੇ,ਪੰਜਾਬ ਵਿੱਚ ਛੋਟੇ ਉਦਯੋਗਾਂ ਲਈ,ਪੰਜਾਬ ਦੀ ਆਬੋ ਹਵਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਵਰਗੇ ਹੋਰ ਬਹੁਤ ਮੁੱਦੇ ਹਨ,ਜਿਹਨਾਂ ‘ਤੇ ਚਰਚਾ ਹੋਣੀ ਚਾਹੀਦੀ ਹੈ ਤੇ ਇਸੇ ਕੰਮ ਲਈ ਵਿਧਾਨ ਸਭਾ ਹੁੰਦੀ ਹੈ।
ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜੀਤ ਅਖਬਾਰ ਦੇ ਪੱਤਰਕਾਰਾਂ ਨੂੰ ਵਿਧਾਨ ਸਭਾ ਵਿੱਚ ਵੜਨ ਨਾ ਦੇਣਾ ਗਲਤ ਹੈ ਤੇ ਜਥੇਬੰਦੀ ਇਸ ਦੀ ਨਿੰਦਾ ਕਰਦੀ ਹੈ।ਆਜ਼ਾਦ ਪੱਤਰਕਾਰਤਾ ਨੂੰ ਜਿਊਂਦੇ ਰੱਖਿਆ ਜਾਣਾ ਚਾਹੀਦਾ ਹੈ।

ਜੀ20 ਸੰਮੇਲਨ ਬਾਰੇ ਭਾਰਤ ਦੀ ਵਿੱਤ ਮੰਤਰੀ ਡਾ.ਨਿਰਮਲਾ ਸੀਤਾਰਮਨ ਵੱਲੋਂ ਦਿੱਤੇ ਗਏ ਉਸ ਬਿਆਨ ਨਾਲ ਬਿਲਕੁਲ ਅਸਹਿਮਤੀ ਜਤਾਈ ਹੈ ,ਜਿਸ ਵਿੱਚ ਉਹਨਾਂ ਕਿਹਾ ਸੀ ਕਿ ਭਾਰਤ ਪਿਛੜੇ ਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ ਬਣ ਰਿਹਾ ਹੈ।ਕਿਸਾਨ ਆਗੂ ਨੇ ਕਿਹਾ ਹੈ ਕਿ ਦੇਸ਼ ਵਿੱਚ ਕਿਸਾਨਾਂ ਦਾ ਮੰਦਾ ਹਾਲ ਹੈ ,ਕਰਜਿਆਂ ਕਾਰਨ ਉਹ ਆਤਮਹੱਤਿਆ ਕਰਨ ਨੂੰ ਮਜਬੂਰ ਹੋ ਰਿਹਾ ਹੈ।ਮਹਾਰਾਸ਼ਟਰ ਦੇ ਕਿਸਾਨਾਂ ਦੀ ਵੀ ਗੱਲ ਕਿਸਾਨ ਆਗੂ ਨੇ ਕੀਤੀ ਹੈ ਤੇ ਕਿਹਾ ਹੈ ਕਿ ਕਿਵੇਂ ਉਹਨਾਂ ਨੂੰ ਸਹੀ ਰੇਟ ਨਾ ਮਿਲਣ ਕਾਰਨ ਸਾਰੀ ਫਸਲ ਸਿਟਣੀ ਪਈ ਹੈ। ਇਹਨਾਂ ਜੀ20 ਸੰਮੇਲਨ ਦਾ ਸਿਰਫ ਪੁੰਜੀਪਤੀਆਂ ਨੂੰ ਹੀ ਫਾਇਦਾ ਹੈ,ਆਮ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੈ।